ADGP Suicide ਦਾ ਮੁੱਦਾ ਗੰਭੀਰ, “ਏਜੰਸੀਆਂ ਪੰਜਾਬ ਅਤੇ ਦੇਸ਼ ਨੂੰ ਵੰਡਣਾ ਚਾਹੁੰਦੀਆਂ ” ਕਾਂਗਰਸ ਨੇ ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ


ਚੰਡੀਗੜ੍ਹ: ਹਰਿਆਣਾ ਦੇ ਏਡੀਜੀਪੀ ਵਾਈ. ਪੂਰਨ ਕੁਮਾਰ ਦੀ ਕਥਿਤ ਆਤਮ ਹੱਤਿਆ ਦੇ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਹਨ। ਦੋਵਾਂ ਨੇਤਾਵਾਂ ਨੇ ਇਸ ਘਟਨਾ ਨੂੰ ਦੇਸ਼ ਵਿੱਚ ਦਲਿਤਾਂ ‘ਤੇ ਹੋ ਰਹੇ ਜ਼ੁਲਮ ਨਾਲ ਜੋੜਿਆ ਹੈ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਰਾਜਾ ਵੜਿੰਗ ਦਾ ਬਿਆਨ:
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵਾਈ. ਪੂਰਨ ਕੁਮਾਰ ਦੇ ਮੁੱਦੇ ਨੂੰ ‘ਬਹੁਤ ਗੰਭੀਰ’ ਦੱਸਦੇ ਹੋਏ ਕਿਹਾ ਕਿ ਦੇਸ਼ ਵਿੱਚ ਦਲਿਤਾਂ ਨਾਲ ਧੱਕਾ ਹੋ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਏਜੰਸੀਆਂ ਪੰਜਾਬ ਅਤੇ ਦੇਸ਼ ਨੂੰ ਵੰਡਣਾ ਚਾਹੁੰਦੀਆਂ ਹਨ। ਵੜਿੰਗ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਮੇਰੇ ਪੰਜਾਬ ਤੇ ਦੇਸ਼ ਨੂੰ ਏਜੰਸੀਆਂ ਵੰਡਣਾ ਚਾਹੁੰਦੀਆਂ,ਇਸ ਮਾਮਲੇ ਦੀ ਜਾਂਚ ਦੀ ਮੰਗ ਕਰਦੇ ਹਾਂ, ਦੋਸ਼ੀਆਂ ਖਿਲਾਫ ਕਾਰਵਾਈ ਹੋਵੇ, ਪੂਰੇ ਪੰਜਾਬ ਵਿੱਚ ਕਾਂਗਰਸ ਕੱਲ੍ਹ ਹਰ ਜਿਲ੍ਹੇ ਵਿੱਚ ਕੈੰਡਲ ਮਾਰਚ ਕਰੇਗੀ, ਪਰਿਵਾਰ ਨੂੰ ਇਨਸਾਫ ਦਵਾਉਣ ਲਈ ਰੋਸ਼ ਜਾਵਾਂਗੇ।
ਚਰਨਜੀਤ ਸਿੰਘ ਚੰਨੀ ਦਾ ਬਿਆਨ:
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਜਪਾ ਅਤੇ ਆਰਐੱਸਐੱਸ ‘ਤੇ ‘ਮਨੂੰਵਾਦੀ ਸੋਚ’ ਨਾਲ ਰਾਜ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਸੰਵਿਧਾਨ ਰਾਹੀਂ ਦਲਿਤਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਸਨ, ਪਰ ਦੇਸ਼ ਅੰਦਰ ਦਲਿਤਾਂ ਅਤੇ ਕਿਸਾਨਾਂ ਉੱਤੇ ਭਾਜਪਾ ਦੀ ਸਰਕਾਰ ਅੱਤਿਆਚਾਰ ਕਰ ਰਹੀ ਹੈ।
ਚੰਨੀ ਨੇ ਵਾਈ. ਪੂਰਨ ਕੁਮਾਰ ਨੂੰ ਦਲਿਤਾਂ ਅਤੇ ਕਿਸਾਨਾਂ ਦਾ ‘ਮਸੀਹਾ’ ਦੱਸਿਆ, ਜੋ ਸੰਵਿਧਾਨ ਮੁਤਾਬਿਕ ਹੱਕ ਦਵਾਉਣ ਲਈ ਲੜਦਾ ਸੀ ਅਤੇ ਜਿਸ ਨੇ ਮਜ਼ਬੂਰ ਹੋ ਕੇ ਆਤਮ ਹੱਤਿਆ ਕੀਤੀ।
ਪਰਿਵਾਰ ਨੂੰ ਇਨਸਾਫ਼ ਦੀ ਮੰਗ:
ਚੰਨੀ ਨੇ ਮੰਗ ਕੀਤੀ ਕਿ ਸੁਸਾਈਡ ਨੋਟ ਵਿੱਚ ਜਿਹਨਾਂ ਦੇ ਨਾਂਅ ਹਨ, ਉਹਨਾਂ ਉੱਤੇ ਤੁਰੰਤ ਕਾਰਵਾਈ ਹੋਵੇ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਪੀੜਤ ਪਰਿਵਾਰ ਨੂੰ ਲਾਸ਼ ਦਾ ਮੂੰਹ ਤੱਕ ਦੇਖਣ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਭਾਜਪਾ ਦੇ ਲੀਡਰ ਹਰ ਰੋਜ਼ ਪਰਿਵਾਰ ਨੂੰ ਸਮਝੌਤਾ ਕਰਨ ਲਈ ਦਬਾਅ ਪਾ ਰਹੇ ਹਨ।
ਚੰਨੀ ਨੇ ਡੀਜੀਪੀ ਨੂੰ ਹਟਾ ਕੇ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਪੰਜਾਬ ਵਿੱਚ ਬਾਬਾ ਸਾਹਿਬ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਦਲਿਤ ਅਤੇ ਗਰੀਬ ਵਰਗ ਚਿੰਤਤ ਹੈ।

Spread the love

Leave a Reply

Your email address will not be published. Required fields are marked *