America deported Indians ਕਰਨਾਲ, 27 ਅਕਤੂਬਰ:
ਅਮਰੀਕਾ ਤੋਂ ਅੱਜ ਇੱਕ ਵਾਰ ਫਿਰ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ, 50 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਹੈ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਹਰਿਆਣਾ ਨਾਲ ਸਬੰਧਤ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 50 ਵਿੱਚੋਂ 16 ਦੇ ਕਰੀਬ ਨੌਜਵਾਨ ਇਕੱਲੇ ਕਰਨਾਲ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਦੇ ਰਹਿਣ ਵਾਲੇ ਹਨ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਰਨਾਲ ਪੁਲਿਸ ਨੇ ਦੱਸਿਆ ਕਿ ਇਹ ਸਾਰੇ ਨਾਗਰਿਕ ‘ਡੌਂਕੀ ਰੂਟ’ (ਗੈਰ-ਕਾਨੂੰਨੀ ਤਰੀਕੇ) ਰਾਹੀਂ ਅਮਰੀਕਾ ਪਹੁੰਚੇ ਸਨ, ਜਿਸ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਵਾਪਸ ਭਾਰਤ ਡਿਪੋਰਟ ਕਰ ਦਿੱਤਾ ਹੈ।
ਕਰਨਾਲ ਪੁਲਿਸ ਇਨ੍ਹਾਂ 16 ਨੌਜਵਾਨਾਂ ਨੂੰ ਵਾਪਸ ਲੈ ਕੇ ਆਈ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਕੋਲ ਕਿਸੇ ਏਜੰਟ ਖਿਲਾਫ ਕੋਈ ਸ਼ਿਕਾਇਤ ਨਹੀਂ ਆਈ ਹੈ।
ਇਸ ਮੌਕੇ ਪੁਲਿਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਬੱਚਾ ਇਸ ਤਰ੍ਹਾਂ ਦੇ ਗਲਤ ਅਤੇ ਗੈਰ-ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਕਿਹਾ ਕਿ ਇਹ ਤਰੀਕਾ ਬਹੁਤ ਖਤਰਨਾਕ ਹੈ ਅਤੇ ਬਾਅਦ ਵਿੱਚ ਇਸ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਰਹੇਗੀ। ਜੇਕਰ ਇਨ੍ਹਾਂ ਵਿੱਚੋਂ ਕਿਸੇ ਦਾ ਕੋਈ ਅਪਰਾਧਿਕ ਰਿਕਾਰਡ (Criminal Record) ਪਾਇਆ ਜਾਂਦਾ ਹੈ, ਤਾਂ ਉਹ ਵੀ ਜਾਂਚ ਦੌਰਾਨ ਸਾਹਮਣੇ ਆ ਜਾਵੇਗਾ।
America deported Indians ਅਮਰੀਕਾ ਤੋਂ 50 ਭਾਰਤੀ ਡਿਪੋਰਟ, 16 ਕਰਨਾਲ ਜ਼ਿਲ੍ਹੇ ਦੇ ਵਸਨੀਕ