ਸੁਖਵਿੰਦਰ ਸਿੰਘ ਕਲਕੱਤਾ ਮਾਮਲੇ ‘ਚ ਦੋ ਲੋਕਾਂ ‘ਤੇ ਐਫ਼ਆਈਆਰ, ਰਾਜਨੀਤਿਕ ਸਾਜ਼ਿਸ਼ ਦੇ ਆਰੋਪ

ਬਰਨਾਲਾ : ਬਰਨਾਲਾ ਦੇ ਕਸਬਾ ਸ਼ਹਿਣਾ ਵਿਖੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪਿੰਡ ਦੇ ਹੀ ਦੋ ਲੋਕਾਂ — ਗੁਰਦੀਪ ਦਾਸ ਉਰਫ਼ ਦੀਪੀ ਬਾਵਾ ਅਤੇ ਹਰਜਿੰਦਰ ਸਿੰਘ ਉਰਫ਼ ਜਿੰਦਰ ਗਿੱਲ — ਖ਼ਿਲਾਫ਼ ਐਫ਼ਆਈਆਰ ਦਰਜ ਕਰ ਲਈ ਹੈ।

ਮ੍ਰਿਤਕ ਦੇ ਭਰਾ ਸੁਖਜੀਤ ਸਿੰਘ ਦੇ ਬਿਆਨ ‘ਤੇ ਦਰਜ ਐਫ਼ਆਈਆਰ ਵਿੱਚ ਦੱਸਿਆ ਗਿਆ ਹੈ ਕਿ ਗੁਰਦੀਪ ਦਾਸ ਦੀਪੀ ਬਾਵਾ ਪਿੰਡ ਵਿੱਚ ਹੋਈ ਸਰਪੰਚੀ ਚੋਣ ਵਿੱਚ ਆਪਣੇ ਪਰਿਵਾਰ ਦੀ ਹਾਰ ਤੋਂ ਬਾਅਦ ਰੰਜਸ਼ ਰੱਖਦਾ ਸੀ। ਉਸਨੇ ਕਈ ਵਾਰ ਸੁਖਵਿੰਦਰ ਸਿੰਘ ਕਲਕੱਤਾ ਨੂੰ ਜਾਨੋਂ ਮਾਰਣ ਦੀ ਧਮਕੀ ਵੀ ਦਿੱਤੀ ਸੀ। ਇਸੀ ਰੰਜਸ਼ ਕਾਰਨ ਕੱਲ੍ਹ ਹਰਜਿੰਦਰ ਸਿੰਘ ਜਿੰਦਰ ਗਿੱਲ ਨੇ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਮ੍ਰਿਤਕ ਦੇ ਭਰਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਕਤਲ ਦੇ ਪਿੱਛੇ ਗੁਰਦੀਪ ਦਾਸ ਦੀਪੀ ਬਾਵਾ ਦੇ ਨਾਲ ਕੁਝ ਹੋਰ ਰਾਜਨੀਤਿਕ ਲੋਕਾਂ ਦਾ ਵੀ ਹੱਥ ਹੈ, ਜਿਨ੍ਹਾਂ ਨੇ ਹਰਜਿੰਦਰ ਸਿੰਘ ਨੂੰ ਕਤਲ ਕਰਨ ਲਈ ਸੂਪਾਰੀ ਦਿੱਤੀ ਸੀ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ ਆਲਮ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮ੍ਰਿਤਕ ਦਾ ਪੋਸਟਮਾਰਟਮ ਬਰਨਾਲਾ ਦੇ ਹਸਪਤਾਲ ‘ਚ ਕੀਤਾ ਜਾ ਰਿਹਾ ਹੈ ਤੇ ਪਰਿਵਾਰ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ।

ਯਾਦ ਰਹੇ ਕਿ ਕਲ੍ਹ ਤੋਂ ਹੀ ਸੁਖਵਿੰਦਰ ਸਿੰਘ ਕਲਕੱਤਾ ਦੇ ਪਰਿਵਾਰ ਤੇ ਪਿੰਡ ਵਾਸੀ ਬਰਨਾਲਾ-ਫਰੀਦਕੋਟ ਹਾਈਵੇ ‘ਤੇ ਧਰਨਾ ਦੇ ਕੇ ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।

ਇਸ ਘਟਨਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇਤਾ ਪਰਗਟ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਸਿਮਰੰਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਕਤਲ ਦੀ ਨਿੰਦਾ ਕਰਦੇ ਹੋਏ ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਸਵਾਲ ਉਠਾਏ ਗਏ ਹਨ।

ਸੂਤਰਾਂ ਅਨੁਸਾਰ, ਸਿਮਰੰਜੀਤ ਸਿੰਘ ਮਾਨ ਅਤੇ ਕਾਂਗਰਸ ਦੇ ਕਈ ਵੱਡੇ ਨੇਤਾ ਅੱਜ ਸੁਖਵਿੰਦਰ ਸਿੰਘ ਕਲਕੱਤਾ ਦੇ ਪਰਿਵਾਰ ਨਾਲ ਮਿਲ ਕੇ ਸੰਘਰਸ਼ ਵਿੱਚ ਸ਼ਾਮਲ ਹੋ ਸਕਦੇ ਹਨ।

Spread the love

Leave a Reply

Your email address will not be published. Required fields are marked *