
ਕਨੇਡਾ/ਸਮਾਣਾ : ਵਿਦੇਸ਼ੀ ਧਰਤੀ ਤੋਂ ਪੰਜਾਬ ਲਈ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਸਮਾਣਾ ਦੇ ਨੇੜਲੇ ਪਿੰਡ ਫਤਿਹਗੜ੍ਹ ਛੰਨਾ ਨਾਲ ਸਬੰਧ ਰੱਖਦੇ ਪਰਿਵਾਰ ਦੇ ਜੀਆਂ ਨਾਲ ਕੈਨੇਡਾ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ ਤੇ ਪਿਓ-ਪੁੱਤਰ ਦੀ ਹਾਦਸੇ ‘ਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਪ੍ਰਦੀਪ ਕੁਮਾਰ ਸ਼ਰਮਾ ਆਪਣੀ ਪਤਨੀ ਅਤੇ ਸੱਤ ਸਾਲਾ ਬੇਟੇ ਨਾਲ ਗੱਡੀ ਵਿੱਚ ਅਮਰੀਕਾ ਤੋਂ ਕੈਨੇਡਾ ਜਾ ਰਿਹਾ ਸੀ ਕਿ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ, ਇਸ ਹਾਦਸੇ ‘ਚ ਪਿਓ ਪੁੱਤ ਦੀ ਜਾਨ ਚਲੇ ਗਈ ਅਤੇ ਪਤਨੀ ਅੰਸਲਾ ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਹੈ। ਜੋ ਇਸ ਸਮੇਂ ਇਲਾਜ ਅਧੀਨ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਸ਼ਰਮਾ ਲਗਭਗ ਪੰਦਰਾਂ ਸਾਲ ਪਹਿਲਾਂ ਆਪਣੇ ਪਰਿਵਾਰ ਦੀ ਖੁਸ਼ਹਾਲੀ ਦਾ ਸੁਪਨਾ ਲੈ ਕੇ ਕੈਨੇਡਾ ਗਿਆ ਸੀ। ਉਸ ਸਮੇਂ ਉਹ ਸਿਰਫ ਕਲਾਸ ਦੋ ਤੱਕ ਪੜ੍ਹਿਆ ਹੋਇਆ ਸੀ ਪਰ ਉਸਦੀ ਮਿਹਨਤ ਅਤੇ ਲਗਨ ਨੇ ਉਸਨੂੰ ਉਥੇ ਕਾਇਮ ਕਰ ਦਿੱਤਾ। ਕੈਨੇਡਾ ਪਹੁੰਚਣ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਵਿਆਹ ਦਿੱਲੀ ਦੀ ਰਹਿਣ ਵਾਲੀ ਅੰਸਲਾ ਨਾਲ ਹੋਇਆ, ਜਿਸ ਨਾਲ ਉਸਦਾ ਇੱਕ ਬੇਟਾ ਹਿਆਂਸ ਪੈਦਾ ਹੋਇਆ। ਤਿੰਨਾਂ ਦਾ ਜੀਵਨ ਕੈਨੇਡਾ ਵਿੱਚ ਬਹੁਤ ਖੁਸ਼ਹਾਲ ਸੀ। ਹਾਲ ਹੀ ਵਿੱਚ ਉਹ ਆਪਣੀ ਵਿਆਹ ਦੀ ਸਾਲਗਿਰਹ ਮਨਾਉਣ ਲਈ ਅਮਰੀਕਾ ਗਏ ਸਨ, ਜਿੱਥੇ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਵੀ ਰਹਿੰਦੇ ਹਨ। ਅਮਰੀਕਾ ਤੋਂ ਬਾਅਦ ਜਦ ਉਹ ਵਾਪਸ ਕੈਨੇਡਾ ਕਾਰ ਰਾਹੀਂ ਆ ਰਹੇ ਸਨ ਤਾਂ ਰਾਹ ਵਿੱਚ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ ਅਤੇ ਇਹ ਦਰਦਨਾਕ ਹਾਦਸਾ ਹੋ ਗਿਆ।
ਖ਼ਬਰ ਜਦੋਂ ਪ੍ਰਦੀਪ ਦੇ ਜੱਦੀ ਪਿੰਡ ਫਤਿਹਗੜ੍ਹ ਛੰਨਾ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ। ਮ੍ਰਿਤਕ ਦੀ ਚਾਚੀ ਕਰਮਜੀਤ ਕੌਰ ਨੇ ਰੋ-ਰੋ ਕੇ ਕਿਹਾ ਕਿ ਪ੍ਰਦੀਪ ਬਹੁਤ ਹੀ ਸਮਝਦਾਰ, ਨਿਮਰ ਅਤੇ ਮਿਲਣਸਾਰ ਸੁਭਾਉ ਦਾ ਸੀ। ਉਹ ਹਰ ਕਿਸੇ ਨਾਲ ਪਿਆਰ ਤੇ ਇਜ਼ਤ ਨਾਲ ਗੱਲ ਕਰਦਾ ਸੀ। ਉਸ ਦੀ ਮਿੱਠੀ ਬੋਲੀ ਤੇ ਹੱਸਮੁਖ ਚਿਹਰਾ ਹਰੇਕ ਦਾ ਦਿਲ ਜਿੱਤ ਲੈਂਦਾ ਸੀ। ਉਨ੍ਹਾਂ ਕਿਹਾ, ਕਿ ਘਾਟਾ ਸਾਡੇ ਪਰਿਵਾਰ ਨੂੰ ਇਸ ਹਾਦਸੇ ਨਾਲ ਪਹੁੰਚਿਆ ਹੈ, ਉਹ ਕਦੇ ਪੂਰਾ ਨਹੀਂ ਹੋ ਸਕਦਾ।
