Forgery ਪੰਜਾਬ ਪੁਲਿਸ ਨੇ ਰਾਜ ਸਭਾ ਚੋਣਾਂ ਲਈ ਜਾਅਲੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਮਾਮਲੇ ‘ਚ ਕਾਰਵਾਈ ਵਿੱਢੀ

ਪੰਜਾਬ ਤੋਂ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਵਾਸਤੇ ਜਾਅਲੀ ਦਸਤਾਵੇਜ਼ਾਂ ਅਤੇ ‘ਆਪ’ ਵਿਧਾਇਕਾਂ ਦੇ ਜਾਅਲੀ ਦਸਤਖ਼ਤਾਂ ਦੀ ਵਰਤੋਂ ਕਰਨ ਲਈ ਐਫਆਈਆਰਜ਼ ਦਰਜ

ਚੰਡੀਗੜ੍ਹ, 13 ਅਕਤੂਬਰ:

ਪੰਜਾਬ ਤੋਂ ਰਾਜ ਸਭਾ ਚੋਣਾਂ ਲਈ
ਨਵਨੀਤ ਚਤੁਰਵੇਦੀ ਨਾਮੀ ਵਿਅਕਤੀ ਜੋ ਜੈਪੁਰ, ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਜਨਤਾ ਪਾਰਟੀ ਦਾ ਕੌਮੀ ਪ੍ਰਧਾਨ ਹੋਣ ਦਾ ਦਾਅਵਾ ਕਰਦਾ ਹੈ, ਵੱਲੋਂ ਜਮ੍ਹਾਂ ਕਰਵਾਏ ਗਏ ਨਾਮਜ਼ਦਗੀ ਪੱਤਰਾਂ ਬਾਰੇ ਪੰਜਾਬ ਵਿਧਾਨ ਸਭਾ ਦੇ ਵਿਧਾਇਕਾਂ ਤੋਂ ਸ਼ਿਕਾਇਤਾਂ ਮਿਲਣ ਕਿ ਉਕਤ ਵਿਅਕਤੀ ਨੇ ਕਥਿਤ ਤੌਰ ‘ਤੇ ਉਨ੍ਹਾਂ ਦੇ ਜਾਅਲੀ ਦਸਤਖਤ ਦੀ ਵਰਤੋਂ ਕਰਕੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ, ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਕਾਨੂੰਨੀ ਕਾਰਵਾਈ ਵਿੱਢ ਦਿੱਤੀ ਹੈ।

ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਿਧਾਇਕਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕਈ ਸੁਨੇਹੇ ਅਤੇ ਸੋਸ਼ਲ ਮੀਡੀਆ ਪੋਸਟਾਂ ਮਿਲੀਆਂ, ਜੋ ਇਹ ਦਰਸਾਉਂਦੀਆਂ ਹਨ ਕਿ ਨਵਨੀਤ ਚਤੁਰਵੇਦੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਕੱਤਰ ਅੱਗੇ ਦਾਇਰ ਕੀਤੇ ਨਾਮਜ਼ਦਗੀ ਪੱਤਰਾਂ ਵਿੱਚ ਉਨ੍ਹਾਂ ਦੇ ਨਾਮ ਪ੍ਰਸਤਾਵਕਾਂ ਵਜੋਂ ਦਰਜ ਹਨ। ਦੱਸਣਯੋਗ ਹੈ ਕਿ ਉਕਤ ਨਵਨੀਤ ਚਤੁਰਵੇਦੀ ਨੇ ਰਾਜ ਸਭਾ ਲਈ ਦੋ ਨਾਮਜ਼ਦਗੀਆਂ, ਇੱਕ 6.10.2025 ਨੂੰ ਅਤੇ ਦੂਜੀ 13.10.2025 ਨੂੰ, ਦਾਇਰ ਕੀਤੀਆਂ ਹਨ। ਆਪਣੀ ਸ਼ਿਕਾਇਤ ਵਿੱਚ ਵਿਧਾਇਕਾਂ ਨੇ ਕਿਹਾ ਕਿ ਇਹ ਪਾਇਆ ਗਿਆ ਹੈ ਕਿ ਪ੍ਰਸਤਾਵਕਾਂ ਦੀ ਇੱਕ ਹੱਥ ਲਿਖਤ ਸੂਚੀ, ਜਿਸ ‘ਤੇ ਕਥਿਤ ਤੌਰ ‘ਤੇ ਉਨ੍ਹਾਂ ਦੇ ਦਸਤਖਤ ਹਨ, ਨਾਮਜ਼ਦਗੀ ਪੱਤਰਾਂ ਨਾਲ ਨੱਥੀ ਕੀਤੀ ਗਈ ਹੈ, ਜਿਸਨੂੰ ਡਿਜੀਟਲ ਪਲੇਟਫਾਰਮਾਂ ‘ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਵਿਧਾਇਕਾਂ ਨੇ ਉਕਤ ਨਾਮਜ਼ਦਗੀ ‘ਤੇ ਦਸਤਖਤ ਕਰਨ ਜਾਂ ਇਸਦੇ ਸਮਰਥਨ ਤੋਂ  ਸਪੱਸ਼ਟ ਤੌਰ ‘ਤੇ ਇਨਕਾਰ ਕੀਤਾ ਹੈ ਅਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਨਾਮ ਅਤੇ ਦਸਤਖਤ ਜਾਅਲੀ ਹਨ, ਜੋ ਬਿਨਾਂ ਕਿਸੇ ਸਹਿਮਤੀ ਤੋਂ ਧੋਖਾਧੜੀ ਨਾਲ ਵਰਤੇ ਗਏ ਹਨ। ਸੰਵਿਧਾਨਕ ਅਥਾਰਟੀ ਦੇ ਸਾਹਮਣੇ ਪੇਸ਼ ਕੀਤੇ ਗਏ ਜਾਅਲੀ ਦਸਤਾਵੇਜ਼, ਜਾਅਲਸਾਜ਼ੀ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦਾ ਇੱਕ ਗੰਭੀਰ ਜੁਰਮ ਹਨ।

ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ‘ਤੇ ਸ਼ਿਕਾਇਤਕਰਤਾ ਵਿਧਾਇਕਾਂ ਦੇ ਹਲਕਿਆਂ ਦੇ ਵੱਖ-ਵੱਖ ਥਾਣਿਆਂ ਵਿੱਚ ਉਕਤ ਨਵਨੀਤ ਚਤੁਰਵੇਦੀ, ਪੁੱਤਰ ਘਨ ਸ਼ਿਆਮ ਚਤੁਰਵੇਦੀ, ਨਿਵਾਸੀ 402 ਸਰਯੂ ਅਪਾਰਟਮੈਂਟ, ਸੈਕਟਰ 26, ਪ੍ਰਤਾਪ ਨਗਰ, ਜੈਪੁਰ (ਰਾਜਸਥਾਨ) ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੂਰੀ ਸਾਜ਼ਿਸ਼ ਦਾ ਪਤਾ ਲਗਾਉਣ, ਇਸ ਧੋਖਾਧੜੀ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਅਤੇ ਫੋਰੈਂਸਿਕ ਅਤੇ ਡਿਜੀਟਲ ਸਬੂਤ ਇਕੱਠੇ ਕਰਨ ਲਈ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਨੇ ਇਸ ਕਾਰਵਾਈ ਨੂੰ ਅਧਿਕਾਰਤ ਚੋਣ ਦਸਤਾਵੇਜ਼ਾਂ ‘ਚ ਜਾਲਸਾਜ਼ੀ ਕਰਕੇ ਸੰਵਿਧਾਨਕ ਅਧਿਕਾਰੀਆਂ ਅਤੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਮੰਨਦੇ ਹੋਏ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ। ਇਸ ਸਬੰਧੀ ਮੁੱਢਲੀਆਂ ਜਾਂਚ ਰਿਪੋਰਟਾਂ ਪ੍ਰਾਪਤ ਹੋਣ ਤੋਂ ਬਾਅਦ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

Spread the love

Leave a Reply

Your email address will not be published. Required fields are marked *