ਪਿਛਲੇ ਸਾਲ 1997 ਦੇ ਮੁਕਾਬਲੇ ਇਸ ਸਾਲ 7 ਮਹੀਨੇ ਵਿਚ 1891 ਕੱਢੇ
ਸਮੇਂ ਤੋਂ ਵੱਧ ਰਹਿਣ, ਧੋਖੇ ਨਾਲ ਵਿਆਹ, ਕੈਸ਼ ’ਤੇ ਕੰਮ ਕਰਨ ਵਰਗੇ 7 ਹੁਕਮ ਸਖ਼ਤ ਕੀਤੇ
ਚੰਡੀਗੜ੍ਹ, 23 ਅਕਤੂਬਰ: ਅਮਰੀਕਾ ਵਿੱਚ ਪਏ ਤਣਾਅ ਅਤੇ ਟੈਰਿਫ ਦੇ ਐਲਾਨਾਂ ਕਾਰਨ ਭਾਰਤੀਆਂ (ਖਾਸ ਕਰਕੇ ਪੰਜਾਬੀਆਂ) ਨੂੰ ਕੱਢੇ ਜਾਣ ਦੀਆਂ ਘਟਨਾਵਾਂ ਤੋਂ ਬਾਅਦ, ਹੁਣ ਕੈਨੇਡਾ ਨੇ ਵੀ ਆਪਣੇ ਦੇਸ਼ ਵਿੱਚ ਸਾਲਾਂਬੱਧੀ ਵਸੇ ਭਾਰਤੀਆਂ ਨੂੰ ਕੱਢਣ ਦੀ ਪ੍ਰਕਿਰਿਆ ਤੇਜ਼ ਅਤੇ ਸਖ਼ਤ ਕਰ ਦਿੱਤੀ ਹੈ।
ਟੋਰਾਂਟੋ ਅਤੇ ਵੈਨਕੂਵਰ ਤੋਂ ਮਿਲੀ ਜਾਣਕਾਰੀ ਅਨੁਸਾਰ, ਕੈਨੇਡਾ ਸਰਕਾਰ ਨੇ ਛੇ ਸਾਲ ਪਹਿਲਾਂ ਯਾਨੀ 2019 ਵਿੱਚ ਇਹ ਸਖ਼ਤ ਕਾਰਵਾਈ ਸ਼ੁਰੂ ਕੀਤੀ ਸੀ, ਪਰ ਪਿਛਲੇ ਦੋ ਸਾਲਾਂ ਤੋਂ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ (CBSA) ਨੇ ਗ਼ੈਰ-ਕਾਨੂੰਨੀ ਢੰਗਾਂ ਨਾਲ ਵਸੇ ਭਾਰਤੀਆਂ ਨੂੰ ਡਿਪੋਰਟ ਕਰਨ ਲਈ ਜ਼ਿਆਦਾ ਕਰੜੇ ਕਦਮ ਚੁੱਕੇ ਹਨ।
ਡਿਪੋਰਟ ਕੀਤੇ ਗਏ ਭਾਰਤੀਆਂ ਦੇ ਅੰਕੜੇ:
ਸੀ.ਬੀ.ਐਸ.ਏ. ਦੇ ਅੰਕੜਿਆਂ ਮੁਤਾਬਕ, ਸਾਲ 2024 ਵਿੱਚ 1997 ਭਾਰਤੀਆਂ ਨੂੰ ਕੱਢਿਆ ਗਿਆ ਸੀ। ਜਦੋਂ ਕਿ ਸਾਲ 2025 ਵਿੱਚ ਪਹਿਲੇ ਸੱਤ ਮਹੀਨਿਆਂ (28 ਜੁਲਾਈ 2025 ਤੱਕ) ਵਿੱਚ ਹੀ 1891 ਭਾਰਤੀਆਂ (ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਸਨ) ਵਿਰੁੱਧ ਇਹ ਸਖ਼ਤ ਕਾਰਵਾਈ ਕੀਤੀ ਜਾ ਚੁੱਕੀ ਹੈ। ਮੌਜੂਦਾ ਰੁਝਾਨ ਅਨੁਸਾਰ, ਅਗਸਤ ਤੋਂ ਦਸੰਬਰ 2025 ਤੱਕ ਇਹ ਅੰਕੜਾ ਹੋਰ 1000 ਤੱਕ ਵਧ ਸਕਦਾ ਹੈ। ਤੁਲਨਾਤਮਕ ਤੌਰ ‘ਤੇ, 2019 ਵਿੱਚ ਕੱਢੇ ਗਏ ਭਾਰਤੀਆਂ ਦੀ ਗਿਣਤੀ ਸਿਰਫ 625 ਸੀ।
ਪਿਛਲੇ ਛੇ ਸਾਲਾਂ ਵਿੱਚ, ਕੈਨੇਡੀਅਨ ਸਰਕਾਰ ਨੇ ਸਭ ਤੋਂ ਵੱਧ 6837 ਭਾਰਤੀਆਂ, 5170 ਮੈਕਸੀਕਨਾਂ ਅਤੇ 1734 ਕੋਲੰਬੀਅਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਏਜੰਸੀ ਅਨੁਸਾਰ, ਕੱਢੇ ਗਏ ਕੁੱਲ 30,733 ਵਿਅਕਤੀਆਂ ਵਿੱਚੋਂ 27,103 ਨੇ ਸ਼ਰਨਾਰਥੀ (Refugee) ਵਜੋਂ ਅਰਜ਼ੀਆਂ ਪਾਈਆਂ ਸਨ, ਜਿਨ੍ਹਾਂ ਵਿੱਚ ਭਾਰਤੀ ਸਭ ਤੋਂ ਵੱਧ ਸਨ।
ਪ੍ਰਧਾਨ ਮੰਤਰੀ ਵੱਲੋਂ ਸਖ਼ਤੀ ਦਾ ਸੰਕੇਤ:
ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ, ਮਾਰਕ ਕਾਰਨੇ, ਨੇ ਇਸ਼ਾਰਾ ਕੀਤਾ ਹੈ ਕਿ ਭਵਿੱਖ ਵਿੱਚ ਡਿਪੋਰਟ ਕਰਨ ਦੀ ਪ੍ਰਕਿਰਿਆ ਹੋਰ ਵੀ ਤੇਜ਼ ਅਤੇ ਸਖ਼ਤੀ ਨਾਲ ਲਾਗੂ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਅਤੇ ਕੈਨੇਡੀਅਨ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਲਈ ਜ਼ਰੂਰੀ ਹੈ।
ਸਖ਼ਤ ਕਾਰਵਾਈ ਦੇ ਮੁੱਖ ਕਾਰਨ:
ਕੈਨੇਡਾ ਦੀ ਨਵੀਂ ਸਰਕਾਰ ਨੇ ਸੱਤ ਵੱਡੇ ਅਤੇ ਸਖ਼ਤ ਕਦਮ ਚੁੱਕੇ ਹਨ। ਡਿਪੋਰਟ ਕੀਤੇ ਜਾਣ ਵਾਲੇ ਵਿਅਕਤੀਆਂ ਵਿੱਚ ਉਹ ਸ਼ਾਮਲ ਹਨ ਜੋ:
* ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ‘ਓਵਰ ਸਟੇਅ’ ਕਰਦੇ ਹਨ।
* ਕਿਸੇ ਹੋਰ ਦਾ ਨਾਮ ਵਰਤ ਕੇ ਰਹਿੰਦੇ ਹਨ।
* ਨਕਦੀ ‘ਤੇ ਚੋਰੀ-ਛਿਪੇ ਕੰਮ ਕਰਦੇ ਹਨ।
* ਵਿਆਹ-ਸ਼ਾਦੀ ਲਈ ਧੋਖਾ ਕਰਦੇ ਹਨ।
* ਸਰਕਾਰੀ ਨੋਟਿਸ ਦੇ ਬਾਵਜੂਦ ਜਵਾਬ ਨਹੀਂ ਦਿੰਦੇ।
* ਡਾਕਟਰਾਂ ਤੋਂ ਗ਼ਲਤ ਕਾਗ਼ਜ਼ ਬਣਵਾ ਲੈਂਦੇ ਹਨ।
ਭਾਰਤੀ ਭਾਈਚਾਰੇ ਦੀ ਸਥਿਤੀ:
ਜਾਣਕਾਰੀ ਅਨੁਸਾਰ, ਕੈਨੇਡਾ ਵਿੱਚ ਮੌਜੂਦ ਲਗਭਗ 29 ਲੱਖ ਮੂਲ ਭਾਰਤੀਆਂ ਵਿੱਚੋਂ, ਸਰਕਾਰ ਕੋਲ 10 ਲੱਖ ਤੋਂ ਵੱਧ ਨੇ ਰਜਿਸਟਰ ਕਰਵਾਇਆ ਹੈ। ਇਨ੍ਹਾਂ ਵਿੱਚੋਂ 9,42,170 ਪੰਜਾਬੀ ਹਨ, ਜਿਨ੍ਹਾਂ ਵਿੱਚ ਸਿੱਖਾਂ ਦੀ ਗਿਣਤੀ 7,71,790 ਹੈ ਅਤੇ ਬਾਕੀ ਹਿੰਦੂ ਧਰਮ ਨੂੰ ਮੰਨਣ ਵਾਲੇ ਹਨ। ਇਹ ਪੰਜਾਬੀ ਜ਼ਿਆਦਾਤਰ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਐਲਬਰਟਾ ਸੂਬਿਆਂ ਵਿੱਚ ਵਸੇ ਹੋਏ ਹਨ।