ਜ਼ੀਰਕਪੁਰ: VIP ਰੋਡ ‘ਤੇ ਸਪਾ ਸੈਂਟਰ ਦੀ ਆੜ ‘ਚ ਜਿਸਮਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼, 3 ਮਾਲਕਾਂ ‘ਤੇ ਕੇਸ, 6 ਕੁੜੀਆਂ ਛੁਡਾਈਆਂ
ਜ਼ੀਰਕਪੁਰ, 25 ਅਕਤੂਬਰ:
ਜ਼ੀਰਕਪੁਰ ਪੁਲਿਸ ਨੇ ਸ਼ਹਿਰ ਦੀ ਪ੍ਰਮੁੱਖ ਵੀਆਈਪੀ ਰੋਡ ‘ਤੇ ਸਪਾ ਸੈਂਟਰਾਂ ਦੀ ਆੜ ਹੇਠ ਚਲਾਏ ਜਾ ਰਹੇ ਜਿਸਮਫਰੋਸ਼ੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਛਾਪੇਮਾਰੀ ਕਰਦਿਆਂ 3 ਸਪਾ ਸੈਂਟਰਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਹੈ ਅਤੇ ਮੌਕੇ ਤੋਂ 6 ਕੁੜੀਆਂ ਨੂੰ ਰੈਸਕਿਊ ਕੀਤਾ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਵੀਆਈਪੀ ਰੋਡ ‘ਤੇ ਸਥਿਤ ਕੁਝ ਸਪਾ ਸੈਂਟਰਾਂ ਵਿੱਚ ਸਪਾ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਇੱਕ ਟੀਮ ਤਿਆਰ ਕਰਕੇ ਦੱਸੇ ਗਏ ਟਿਕਾਣਿਆਂ ‘ਤੇ ਰੇਡ ਕੀਤੀ ਗਈ।
ਛਾਪੇਮਾਰੀ ਦੌਰਾਨ ਮੌਕੇ ‘ਤੇ ਮਿਲੀਆਂ 6 ਕੁੜੀਆਂ ਦੇ ਬਿਆਨ ਦਰਜ ਕੀਤੇ ਗਏ। ਪੁਲਿਸ ਅਧਿਕਾਰੀ ਮੁਤਾਬਕ, ਕੁੜੀਆਂ ਦੇ ਬਿਆਨਾਂ ਦੇ ਆਧਾਰ ‘ਤੇ 3 ਸਪਾ ਸੈਂਟਰਾਂ ਦੇ ਮਾਲਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਇੰਸਪੈਕਟਰ ਸਤਿੰਦਰ ਨੇ ਇਹ ਵੀ ਦੱਸਿਆ ਕਿ ਪੁਲਿਸ ਵੱਲੋਂ ਇਲਾਕੇ ਵਿੱਚ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਸਖ਼ਤੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਾਜ਼ਾ ਕਾਰਵਾਈ ਤੋਂ ਪਹਿਲਾਂ ਵੀ ਪੁਲਿਸ ਵੱਲੋਂ 5 ਵੱਖ-ਵੱਖ ਮਾਮਲੇ (ਪਰਚੇ) ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਕਈ ਹੋਟਲਾਂ ‘ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।