ਚੰਡੀਗੜ੍ਹ: ਕਿਸਾਨ ਸੰਘਰਸ਼ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਰਮਿਆਨ ਏਕਤਾ ਇੱਕ ਵਾਰ ਫਿਰ ਟੁੱਟਦੀ ਨਜ਼ਰ ਆ ਰਹੀ ਹੈ। ਸੰਯੁਕਤ ਕਿਸਾਨ ਮੋਰਚਾ (SKM) ਨੇ ਕਿਸਾਨ ਮਜ਼ਦੂਰ ਮੋਰਚਾ (KMM) ਵੱਲੋਂ ਸੱਦੀ ਗਈ ਅਹਿਮ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। SKM ਨੇ KMM ਦੇ ਆਗੂ ਸਰਵਣ ਸਿੰਘ ਪੰਧੇਰ ‘ਤੇ “ਏਕਤਾ ‘ਤੇ ਸੱਟ ਮਾਰਨ” ਦਾ ਦੋਸ਼ ਲਾਇਆ ਹੈ।
ਕਿਸਾਨ ਮਜ਼ਦੂਰ ਮੋਰਚਾ (KMM) ਨੇ ਆਉਣ ਵਾਲੇ ਸੰਘਰਸ਼ ਦੀ ਰੂਪਰੇਖਾ ਉਲੀਕਣ ਲਈ ਸੋਮਵਾਰ, 27 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਸੱਦੀ ਹੈ। ਇਸ ਮੀਟਿੰਗ ਦੀ ਅਗਵਾਈ KMM ਦੇ ਪ੍ਰਮੁੱਖ ਆਗੂ ਸਰਵਣ ਸਿੰਘ ਪੰਧੇਰ ਕਰ ਰਹੇ ਹਨ।
ਪਰ ਇਸ ਮੀਟਿੰਗ ਤੋਂ ਪਹਿਲਾਂ ਹੀ ਦੋਵਾਂ ਵੱਡਿਆਂ ਮੋਰਚਿਆਂ ਵਿਚਾਲੇ ਤਕਰਾਰ ਵੱਧ ਗਿਆ ਹੈ। ਸੰਯੁਕਤ ਕਿਸਾਨ ਮੋਰਚਾ (ਪੰਜਾਬ ਇਕਾਈ) ਦੇ ਸੀਨੀਅਰ ਆਗੂਆਂ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ ਅਤੇ ਰੁਲਦੂ ਸਿੰਘ ਮਾਨਸਾ ਨੇ ਇਸ ਮੀਟਿੰ-ਗ ਦੇ ਸੱਦੇ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।
SKM ਆਗੂਆਂ ਦਾ ਮੁੱਖ ਇਤਰਾਜ਼ ਇਹ ਹੈ ਕਿ ਸਰਵਣ ਸਿੰਘ ਪੰਧੇਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਬਤੌਰ ਇੱਕ ਸਾਂਝੀ ਜਥੇਬੰਦੀ ਸੱਦਾ ਦੇਣ ਦੀ ਬਜਾਏ, SKM ਦੀਆਂ ਮੈਂਬਰ ਜਥੇਬੰਦੀਆਂ ਨੂੰ “ਇਕੱਲੀ-ਇਕੱਲੀ” ਕਰਕੇ ਸੰਪਰਕ ਕੀਤਾ ਹੈ। SKM ਨੇ ਇਸ ਵਤੀਰੇ ਨੂੰ ਮੋਰਚੇ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ SKM ਵਿੱਚ ਕੌਮਾਂਤਰੀ ਪੱਧਰ ਦੀਆਂ ਜਥੇਬੰਦੀਆਂ ਵੀ ਸ਼ਾਮਲ ਹਨ ਅਤੇ KMM ਨੂੰ ਚਾਹੀਦਾ ਸੀ ਕਿ ਉਹ ਪੂਰੇ ਮੋਰਚੇ ਨੂੰ ਸਾਂਝਾ ਸੱਦਾ ਭੇਜਦਾ। ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ, ਜਿਸ ਕਾਰਨ ਕਈ ਵਾਰ ਵੱਖ-ਵੱਖ ਫੈਸਲੇ ਹੁੰਦੇ ਵੇਖੇ ਗਏ ਹਨ।
ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕੀਤਾ ਕਿ ਉਹ 27 ਅਕਤੂਬਰ ਦੀ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ, ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਲਈ ਹਮੇਸ਼ਾ ਸਭ ਨੂੰ ਸੱਦਾ ਦਿੰਦੇ ਹਨ।
ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸਾਨ ਜਥੇਬੰਦੀਆਂ ‘ਚ ਮੱਤਭੇਦ ਦੇਖੇ ਗਏ ਹੋਣ। ਇਸ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਵੀ SKM (ਪੰਜਾਬ) ਨੂੰ ‘ਰਾਜਨੀਤਿਕ’ ਕਰਾਰ ਦੇ ਕੇ ‘SKM ਗੈਰ-ਰਾਜਨੀਤਿਕ’ ਬਣਾ ਕੇ ਵੱਖ ਹੋ ਚੁੱਕੇ ਹਨ। ਜਦਕਿ ਸਰਵਣ ਸਿੰਘ ਪੰਧੇਰ ਪਹਿਲੇ ਦਿਨ ਤੋਂ ਹੀ ਆਪਣੀ ਜਥੇਬੰਦੀ ਵੱਖਰੇ ਤੌਰ ‘ਤੇ ਚਲਾ ਰਹੇ ਹਨ, ਭਾਵੇਂ ਉਹ ਕਿਸਾਨੀ ਮੰਗਾਂ ‘ਤੇ ਇਕਜੁੱਟਤਾ ਦਿਖਾਉਂਦੇ ਰਹੇ ਹਨ।
ਹੁਣ ਵੇਖਣਾ ਇਹ ਹੋਵੇਗਾ ਕਿ SKM ਦੇ ਬਾਈਕਾਟ ਦੇ ਐਲਾਨ ਤੋਂ ਬਾਅਦ ਕੀ ਇਸ ਦੀ ਕੋਈ ਮੈਂਬਰ ਜਥੇਬੰਦੀ KMM ਦੀ ਮੀਟਿੰਗ ਵਿੱਚ ਸ਼ਿਰਕਤ ਕਰਦੀ ਹੈ ਜਾਂ ਨਹੀਂ। ਪਰ ਇਸ ਤਾਜ਼ਾ ਘਟਨਾਕ੍ਰਮ ਨੇ ਕਿਸਾਨੀ ਸੰਘਰਸ਼ ਦੀ ਏਕਤਾ ‘ਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।
ਕਿਸਾਨ ਏਕਤਾ ‘ਚ ਫਿਰ ਤਰੇੜ: SKM ਨੇ KMM ਦੀ 27 ਅਕਤੂਬਰ ਦੀ ਮੀਟਿੰਗ ਦਾ ਕੀਤਾ ਬਾਈਕਾਟ