ਕਰੋਨਾ ਮਹਾਮਾਰੀ ਦੌਰਾਨ 2020 ’ਚ ਮੁਅੱਤਲ ਕੀਤੀਆਂ ਹਵਾਈ ਉਡਾਣਾਂ
ਮਹੀਨੇ ਦੇ ਅਖ਼ੀਰ ਤੱਕ ਮੁੜ ਹੋਣਗੀਆਂ ਬਹਾਲ
Flights between India and China will resume ਪੰਜ ਸਾਲਾਂ ਦੇ ਵਕਫ਼ੇ ਮਗਰੋਂ ਭਾਰਤ ਅਤੇ ਚੀਨ ਪੂਰਬੀ ਲੱਦਾਖ ਵਿੱਚ ਸਰਹੱਦੀ ਤਣਾਅ ਕਾਰਨ ਵਿਗੜੇ ਸਬੰਧਾਂ ਨੂੰ ਮੁੜ ਮਜ਼ਬੂਤ ਕਰਨ ਦੇ ਇਰਾਦੇ ਨਾਲ ਇਸ ਮਹੀਨੇ ਦੇ ਅੰਤ ਤੱਕ ਸਿੱਧੀਆਂ ਉਡਾਣਾਂ ਸੇਵਾਵਾਂ ਮੁੜ ਸ਼ੁਰੂ ਕਰਨਗੇ। ਵਿਦੇਸ਼ ਮੰਤਰਾਲੇ (MEA) ਵੱਲੋਂ ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਚੀਨ ਦੇ ਤਿਆਨਜਿਨ ਸ਼ਹਿਰ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਦੇ ਹਾਸ਼ੀਏ ’ਤੇ ਗੱਲਬਾਤ ਕਰਨ ਤੋਂ ਇੱਕ ਮਹੀਨਾ ਬਾਅਦ ਆਇਆ ਹੈ। 2020 ਵਿੱਚ ਕੋਵਿਡ-19 ਮਹਾਮਾਰੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਉਡਾਣ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਪੂਰਬੀ ਲੱਦਾਖ ਵਿੱਚ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਸਰਹੱਦੀ ਤਣਾਅ ਦੇ ਮੱਦੇਨਜ਼ਰ ਉਡਾਣਾਂ ਨੂੰ ਬਹਾਲ ਨਹੀਂ ਕੀਤਾ ਗਿਆ ਸੀ, ਜੋ ਪਿਛਲੇ ਸਾਲ ਅਕਤੂਬਰ ਵਿੱਚ ਸੁਲਝ ਗਿਆ ਸੀ। MEA ਨੇ ਕਿਹਾ, ‘‘ਇਸ ਸਾਲ ਦੇ ਸ਼ੁਰੂ ਤੋਂ ਭਾਰਤ ਅਤੇ ਚੀਨ ਵਿਚਕਾਰ ਸਬੰਧਾਂ ਨੂੰ ਹੌਲੀ-ਹੌਲੀ ਆਮ ਸਥਿਤੀ ’ਚ ਲਿਆਉਣ ਦੇ ਸਰਕਾਰ ਦੇ ਇਰਾਦੇ ਤਹਿਤ ਦੋਵਾਂ ਦੇਸ਼ਾਂ ਦੇ ਸਿਵਲ ਹਵਾਬਾਜ਼ੀ ਅਧਿਕਾਰੀ ਦੋਵਾਂ ਦੇਸ਼ਾਂ ਦਰਮਿਆਨ ਸਿੱਧੀਆਂ ਹਵਾਈ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਅਤੇ ਇੱਕ ਸੋਧੇ ਹੋਏ ਹਵਾਈ ਸੇਵਾਵਾਂ ਸਮਝੌਤੇ ’ਤੇ ਤਕਨੀਕੀ-ਪੱਧਰੀ ਵਿਚਾਰ-ਵਟਾਂਦਰੇ ਵਿੱਚ ਰੁੱਝੇ ਹੋਏ ਹਨ।’’ ਮੰਤਰਾਲੇ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਦੇ ਸ਼ਡਿਊਲ ਦੇ ਅਨੁਸਾਰ ਅਤੇ ਦੋਵਾਂ ਦੇਸ਼ਾਂ ਦੇ ਨਿਰਧਾਰਤ ਕੈਰੀਅਰਾਂ ਦੇ ਵਪਾਰਕ ਫੈਸਲੇ ਅਤੇ ਸਾਰੇ ਸੰਚਾਲਨ ਮਾਪਦੰਡਾਂ ਨੂੰ ਪੂਰਾ ਕਰਨ ਮਗਰੋਂ ਹੁਣ ਇਹ ਸਹਿਮਤੀ ਬਣ ਗਈ ਹੈ ਕਿ ਭਾਰਤ ਅਤੇ ਚੀਨ ਵਿੱਚ ਨਿਰਧਾਰਤ ਬਿੰਦੂਆਂ ਨੂੰ ਜੋੜਨ ਵਾਲੀਆਂ ਸਿੱਧੀਆਂ ਹਵਾਈ ਸੇਵਾਵਾਂ ਅਕਤੂਬਰ ਦੇ ਅਖੀਰ ਤੱਕ ਮੁੜ ਸ਼ੁਰੂ ਹੋ ਸਕਦੀਆਂ ਹਨ।
