Another spy youtuber arrested ਜਾਸੂਸੀ ਦੇ ਦੋਸ਼ ਹੇਠ ਯੂਟਿਊਬਰ ਵਸੀਮ ਅਕਰਮ ਪਲਵਲ ਤੋਂ ਗ੍ਰਿਫ਼ਤਾਰ
ਪਿਛਲੇ ਤਿੰਨ ਸਾਲਾਂ ਤੋਂ ਪਾਕਿਸਤਾਨੀ ਏਜੰਟਾਂ ਦੇ ਸੰਪਰਕ ’ਚ ਸੀ ਵਸੀਮ
ਦਿੱਲੀ ’ਚ ਸਿਮ ਕਾਰਡ ਮੁਹੱਈਆ ਕਰਵਾਏ
ਪਲਵਲ ਪੁਲੀਸ ਨੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ ਅਤੇ ਹਾਈ ਕਮਿਸ਼ਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਇੱਕ ਯੂਟਿਊਬਰ ਵਸੀਮ ਅਕਰਮ ਨੂੰ ਗ੍ਰਿਫ਼ਤਾਰ ਕੀਤਾ ਹੈ। ਵਸੀਮ ਕਥਿਤ ਤੌਰ ’ਤੇ ਪਿਛਲੇ ਤਿੰਨ ਸਾਲਾਂ ਤੋਂ ਪਾਕਿਸਤਾਨੀ ਏਜੰਟਾਂ ਦੇ ਸੰਪਰਕ ਵਿੱਚ ਸੀ ਅਤੇ ਦਿੱਲੀ ਵਿੱਚ ਉਨ੍ਹਾਂ ਨਾਲ ਮੁਲਾਕਾਤ ਕਰਕੇ ਸਿਮ ਕਾਰਡ ਮੁਹੱਈਆ ਕਰਵਾ ਰਿਹਾ ਸੀ। ਪੁਲੀਸ ਨੇ ਵਸੀਮ ਦੇ ਫੋਨ ਤੋਂ ਕਈ ਵਟਸਐਪ ਚੈਟ ਬਰਾਮਦ ਕੀਤੀਆਂ, ਜਿਨ੍ਹਾਂ ਵਿੱਚੋਂ ਕੁਝ ਨੂੰ ਡਿਲੀਟ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਬਰਾਮਦ ਕਰਨ ਲਈ ਸਾਈਬਰ ਸੈੱਲ ਨਾਲ ਕੰਮ ਕਰ ਰਹੀ ਹੈ। ਇੱਕ ਹੋਰ ਪਾਕਿਸਤਾਨੀ ਜਾਸੂਸ ਤੌਫੀਕ ਨੂੰ ਪਲਵਲ ਪੁਲੀਸ ਨੇ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਸੀ, ਅਤੇ ਦੋਵੇਂ ਮੁਲਜ਼ਮ ਇਸ ਸਮੇਂ ਪੁਲੀਸ ਰਿਮਾਂਡ ’ਤੇ ਹਨ।
ਜ਼ਿਲ੍ਹਾ ਪਲਵਲ ਦੇ ਹਾਥਿਨ ਖੇਤਰ ਦੇ ਕੋਟ ਪਿੰਡ ਦਾ ਰਹਿਣ ਵਾਲਾ ਵਸੀਮ, ਯੂਟਿਊਬ ’ਤੇ ਮੇਵਾਤ ਦੇ ਇਤਿਹਾਸ ’ਤੇ ਵੀਡੀਓ ਬਣਾਉਂਦਾ ਸੀ। ਪੁਲੀਸ ਮੁਤਾਬਕ ਵਸੀਮ 2021 ਵਿੱਚ ਪਾਕਿਸਤਾਨੀ ਏਜੰਟ ਦਾਨਿਸ਼ ਦੇ ਸੰਪਰਕ ਵਿੱਚ ਆਇਆ ਸੀ, ਜਦੋਂ ਉਹ ਪਾਕਿਸਤਾਨ ਲਈ ਵੀਜ਼ਾ ਅਰਜ਼ੀ ਦੇ ਰਿਹਾ ਸੀ। ਭਾਵੇਂ ਵਸੀਮ ਦਾ ਪਰਿਵਾਰ ਉਸ ਦੀ ਪਾਕਿਸਤਾਨ ਯਾਤਰਾ ਤੋਂ ਇਨਕਾਰ ਕਰਦਾ ਹੈ ਪਰ ਪੁੱਛ ਪੜਤਾਲ ਦੌਰਾਨ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਦੋਵੇਂ ਮੁਲਜ਼ਮ ਇੰਟਰਨੈੱਟ ਕਾਲਾਂ ਰਾਹੀਂ ISI ਅਤੇ ਪਾਕਿਸਤਾਨ ਹਾਈ ਕਮਿਸ਼ਨ ਦੇ ਸੰਪਰਕ ਵਿੱਚ ਸਨ। ਐੱਸਪੀ ਪਲਵਲ ਵਰੁਣ ਸਿੰਗਲਾ ਨੇ ਡੂੰਘਾਈ ਨਾਲ ਜਾਂਚ ਕਰਨ ਲਈ ਮਾਮਲਾ ਪਲਵਲ ਕ੍ਰਾਈਮ ਬ੍ਰਾਂਚ ਅਤੇ AVT ਹਾਥਿਨ ਨੂੰ ਸੌਂਪਿਆ ਹੈ। ਇੰਟੈਲੀਜੈਂਸ ਬਿਊਰੋ ਵੀ ਇਸ ਮਾਮਲੇ ਸਬੰਧੀ ਪੁਲੀਸ ਨਾਲ ਲਗਾਤਾਰ ਸੰਪਰਕ ਵਿੱਚ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਅਲੀਮੇਵ ਪਿੰਡ ਦੇ ਰਹਿਣ ਵਾਲੇ ਇੱਕ ਹੋਰ ਪਾਕਿਸਤਾਨੀ ਜਾਸੂਸ ਤੌਫੀਕ ਨੂੰ 26 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਪੁੱਛ ਪੜਤਾਲ ਦੌਰਾਨ ਯੂਟਿਊਬਰ ਵਸੀਮ ਦਾ ਨਾਮ ਸਾਹਮਣੇ ਆਇਆ ਸੀ। ਤੌਫੀਕ 2022 ਤੋਂ ਪਾਕਿਸਤਾਨ ਨੂੰ ਸੰਵੇਦਨਸ਼ੀਲ ਜਾਣਕਾਰੀ ਭੇਜ ਰਿਹਾ ਸੀ।
ਐੱਸਪੀ ਵਰੁਣ ਸਿੰਗਲਾ ਨੇ ਕਿਹਾ, ‘‘ਦੋਵੇਂ ਮੁਲਜ਼ਮ ਪਾਕਿਸਤਾਨੀ ਹਾਈ ਕਮਿਸ਼ਨ ਅਤੇ ਆਈਐੱਸਆਈ ਦੇ ਸੰਪਰਕ ਵਿੱਚ ਸਨ। ਉਨ੍ਹਾਂ ਕਿਹਾ ਕਿ ਸਾਡੀਆਂ ਅਪਰਾਧ ਸ਼ਾਖਾ ਦੀਆਂ ਟੀਮਾਂ ਦੋਵਾਂ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਲੈਣ ਤੋਂ ਬਾਅਦ ਉਨ੍ਹਾਂ ਤੋਂ ਪੁੱਛ ਪੜਤਾਲ ਕਰ ਰਹੀਆਂ ਹਨ। ਹੋਰ ਜਾਂਚ ਜਾਰੀ ਹੈ। ਮਈ ਮਹੀਨੇ ਹਿਸਾਰ ਪੁਲੀਸ ਨੇ ਇੱਕ ਯੂਟਿਊਬਰ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਦੇ ਦੌਰੇ ਦੌਰਾਨ ਪਾਕਿਸਤਾਨੀ ਖੁਫੀਆ ਏਜੰਟਾਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਲਈ ਜਾਸੂਸੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ।
