ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦਾ ਵੱਡਾ ਖੁਲਾਸਾ, ਬੇਟੇ ਦੀ ਮੌਤ ਨੂੰ ਲੈ ਕੇ ਕੀਤੇ ਅਹਿਮ ਖੁਲਾਸੇ, SIT ਅੱਗੇ ਹੋਣਗੇ ਪੇਸ਼
ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਨੇ ਆਪਣੇ ਬੇਟੇ ਦੀ ਮੌਤ ਦੇ ਮਾਮਲੇ ਵਿੱਚ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ, ਜਿਸ ਨੇ ਸਿਆਸੀ ਅਤੇ ਸਮਾਜਿਕ ਗਲਿਆਰਿਆਂ ਵਿੱਚ ਤਹਿਲਕਾ ਮਚਾ ਦਿੱਤਾ ਹੈ। ਮੁਸਤਫਾ ਨੇ ਨਾ ਸਿਰਫ਼ ਆਪਣੇ ਬੇਟੇ ਅਕਿਲ ਅਖਤਰ ਦੇ ਨਿੱਜੀ ਜੀਵਨ ਬਾਰੇ ਗੱਲ ਕੀਤੀ ਹੈ, ਸਗੋਂ ਸ਼ਮਸਦੀਨ ‘ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਹਨ।
SIT ਅੱਗੇ ਪੇਸ਼ ਹੋਣ ਦਾ ਐਲਾਨ:
ਮੁਹੰਮਦ ਮੁਸਤਫਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਅੱਗੇ ਜ਼ਰੂਰ ਪੇਸ਼ ਹੋਣਗੇ ਅਤੇ ਇਸ ਮਾਮਲੇ ਨਾਲ ਸਬੰਧਤ ਸਾਰੇ ਤੱਥ ਸਾਹਮਣੇ ਰੱਖਣਗੇ। ਉਨ੍ਹਾਂ ਨੇ ਪੁਲਿਸ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਖੁਦ ਡੀਜੀਪੀ ਰਹੇ ਹਨ ਅਤੇ ਜਾਂਚ ਪ੍ਰਕਿਰਿਆ ਨੂੰ ਸਮਝਦੇ ਹਨ।
ਬੇਟੇ ਦੇ ਨਸ਼ੇ ਦੀ ਦਲਦਲ ਦਾ ਖੁਲਾਸਾ:
ਇੱਕ ਇੰਟਰਵਿਊ ਦੌਰਾਨ ਮੁਹੰਮਦ ਮੁਸਤਫਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਅਕਿਲ ਅਖਤਰ ਸ਼ੁਰੂ ਤੋਂ ਹੀ ਮਾੜੀ ਸੰਗਤ ਕਾਰਨ ਸ਼ਰਾਰਤੀ ਸੁਭਾਅ ਦਾ ਸੀ ਅਤੇ ਹੌਲੀ-ਹੌਲੀ ਨਸ਼ੇ ਦੇ ਦਲਦਲ ਵਿੱਚ ਧੱਸਦਾ ਗਿਆ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਲੱਤ ਉਸ ਨੂੰ ਸ਼ੁਰੂ ਵਿੱਚ ‘ਫੁੱਕਾ ਬਾਰ’ ਤੋਂ ਲੱਗੀ ਅਤੇ ਫਿਰ ਪੜ੍ਹਾਈ ਦੇ ਦੌਰਾਨ ਸੰਗਤ ਨੇ ਉਸ ਨੂੰ ਨਸ਼ਿਆਂ ਦੀ ਦੁਨੀਆ ਵਿੱਚ ਧੱਕ ਦਿੱਤਾ। ਪਰਿਵਾਰ ਲਗਾਤਾਰ ਉਸਦੀਆਂ ਗੱਲਾਂ ਲੁਕਾਉਂਦਾ ਰਿਹਾ, ਇਸ ਆਸ ਵਿੱਚ ਕਿ ਉਹ ਕਦੇ ਨਾ ਕਦੇ ਇਸ ਨਸ਼ੇ ਦੀ ਦੁਨੀਆ ਵਿੱਚੋਂ ਬਾਹਰ ਨਿਕਲੇਗਾ, ਜਿਸ ਨੇ ਉਸਨੂੰ ਬਰਬਾਦ ਕਰ ਦਿੱਤਾ ਸੀ।
‘ਆਈਸ ਡਰੱਗ’ ਨੇ ਬਣਾਇਆ ਸਾਈਕੋਟ੍ਰੋਪਿਕ ਦਾ ਮਰੀਜ਼:
ਮੁਸਤਫਾ ਨੇ ਦੱਸਿਆ ਕਿ ਅਕਿਲ ਨੂੰ ਬਹੁਤ ਸਾਰੇ ਸਕੂਲਾਂ-ਕਾਲਜਾਂ ਵਿੱਚੋਂ ਕੱਢ ਦਿੱਤਾ ਗਿਆ ਸੀ, ਪਰ ਉਹ ਪ੍ਰਿੰਸੀਪਲਾਂ ਅਤੇ ਵਾਈਸ ਚਾਂਸਲਰਾਂ ਤੱਕ ਨੂੰ ਬੇਨਤੀਆਂ ਕਰਕੇ ਉਸਦੇ ਪੇਪਰ ਕਰਵਾਉਂਦੇ ਰਹੇ। ਅਕਿਲ ਲਈ ਸਭ ਤੋਂ ਬੁਰਾ ਸਮਾਂ ਉਹ ਰਿਹਾ, ਜਦੋਂ ਉਸਦੇ ਪੰਚਕੂਲਾ ਤੋਂ ਬਣੇ ਇੱਕ ਦੋਸਤ ਨੇ ਉਸ ਨੂੰ ‘ਆਈਸ ਡਰੱਗ’ ਦਿੱਤੀ। ਇਸ ਡਰੱਗ ਨੇ ਉਸਦੇ ਦਿਮਾਗ ‘ਤੇ ਅਜਿਹਾ ਅਸਰ ਕੀਤਾ ਕਿ ਉਹ ਉਸ ਤੋਂ ਕਦੇ ਬਾਹਰ ਨਹੀਂ ਆ ਸਕਿਆ ਅਤੇ ‘ਸਾਈਕੋਟ੍ਰੋਪਿਕ’ ਦਾ ਮਰੀਜ਼ ਬਣ ਗਿਆ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਆਈਸ ਡਰੱਗ ਦੇਣ ਵਾਲੇ ਦੋਸਤ ਖ਼ਿਲਾਫ਼ ਕਾਰਵਾਈ ਵੀ ਕਰਵਾਈ ਗਈ ਅਤੇ ਉਸ ਰੈਕੇਟ ਦਾ ਪਰਦਾਫਾਸ਼ ਕਰਕੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ, ਪਰ ਉਦੋਂ ਤੱਕ ਅਕਿਲ ਦੇ ਹਾਲਾਤ ਖਰਾਬ ਹੋ ਚੁੱਕੇ ਸਨ।
ਵੀਡੀਓਜ਼ ਬਾਰੇ ਸਪੱਸ਼ਟੀਕਰਨ:
ਮੁਸਤਫਾ ਨੇ ਅਕਿਲ ਵੱਲੋਂ ਬਣਾਈਆਂ ਗਈਆਂ ਵੀਡੀਓਜ਼ ਬਾਰੇ ਦੱਸਿਆ ਕਿ 27 ਅਗਸਤ ਅਤੇ 8 ਅਕਤੂਬਰ ਨੂੰ ਬਣਾਈਆਂ ਗਈਆਂ ਵੀਡੀਓਜ਼ ਤੋਂ ਸਪੱਸ਼ਟ ਹੁੰਦਾ ਹੈ ਕਿ ਉਸਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ। ਉਨ੍ਹਾਂ ਦੱਸਿਆ ਕਿ 8 ਅਕਤੂਬਰ ਵਾਲੀ ਵੀਡੀਓ ਵਿੱਚ ਅਕਿਲ ਨੇ ਖੁਦ ਮੰਨਿਆ ਕਿ ਉਸਨੇ ਆਪਣੇ ਮਾਤਾ-ਪਿਤਾ ਅਤੇ ਭੈਣ ‘ਤੇ ਜੋ ਦੋਸ਼ ਲਗਾਏ ਸਨ, ਉਹ ਸਹੀ ਨਹੀਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਅਕਿਲ ਦੀ ਮਾਨਸਿਕ ਸਥਿਤੀ ਇੰਨੀ ਖ਼ਰਾਬ ਹੋ ਚੁੱਕੀ ਸੀ ਕਿ ਉਸਨੂੰ ਸਾਲ, ਮਹੀਨੇ ਜਾਂ ਦਿਨਾਂ ਵਿੱਚ ਫਰਕ ਨਜ਼ਰ ਨਹੀਂ ਆ ਰਿਹਾ ਸੀ।
ਸ਼ਮਸਦੀਨ ‘ਤੇ ਵੱਡੇ ਸਵਾਲ:
ਸ਼ਿਕਾਇਤਕਰਤਾ ਸ਼ਮਸਦੀਨ ਵੱਲੋਂ ਗੁਆਂਢੀ ਜਾਂ ਰਿਸ਼ਤੇਦਾਰ ਹੋਣ ਦੇ ਕੀਤੇ ਗਏ ਦਾਅਵੇ ਨੂੰ ਠੁਕਰਾਉਂਦਿਆਂ ਮੁਸਤਫਾ ਨੇ ਸਪੱਸ਼ਟ ਕੀਤਾ ਕਿ ਉਹ ਉਸ ਸ਼ਖਸ ਨੂੰ ਗਿਣਤੀ ਦੇ ਵਾਰ ਹੀ ਮਿਲੇ ਹੋਣਗੇ, ਕਿਉਂਕਿ ਇਹ ਸ਼ਖਸ ਬੁਰੀ ਤਰ੍ਹਾਂ ਨਾਲ ਬਦਨਾਮ ਹੈ। ਉਨ੍ਹਾਂ ਸ਼ਮਸਦੀਨ ਦੀਆਂ ਮਲੇਰਕੋਟਲਾ ਸ਼ਹਿਰ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ‘ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ। ਮੁਸਤਫਾ ਨੇ ਕਿਹਾ ਕਿ ਉਨ੍ਹਾਂ ਦਾ ਘਰ ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਹੈ, ਇਸ ਲਈ ਉਹ ਉਨ੍ਹਾਂ ਦਾ ਗੁਆਂਢੀ ਨਹੀਂ ਹੋ ਸਕਦਾ ਅਤੇ ਨਾ ਹੀ ਉਹ ਪਰਿਵਾਰਕ ਪ੍ਰੋਗਰਾਮਾਂ ਵਿੱਚ ਕਦੇ ਸ਼ਾਮਲ ਹੋਇਆ ਹੈ।
‘ਸਿਆਸੀ ਸਾਜ਼ਿਸ਼’ ਦਾ ਦਾਅਵਾ:
ਮੁਸਤਫਾ ਨੇ ਇਸ ਪੂਰੇ ਮਾਮਲੇ ਨੂੰ ਸਿਆਸੀ ਤੌਰ ‘ਤੇ ਉਨ੍ਹਾਂ ਖ਼ਿਲਾਫ਼ ਰਚਿਆ ਗਿਆ ਸਾਜ਼ਿਸ਼ ਕਰਾਰ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਮਲੇਰਕੋਟਲਾ ਤੋਂ ਉਨ੍ਹਾਂ ਦਾ ਵਿਧਾਇਕ ਸ਼ਾਮਲ ਨਹੀਂ ਹੈ, ਕਿਉਂਕਿ ਵਿਧਾਇਕ ਨੇ ਤਾਂ ਖੁਦ ਇਸ ਸ਼ਿਕਾਇਤਕਰਤਾ ਨੂੰ ਆਪਣੇ ਸਟਰਕਚਰ ਵਿੱਚੋਂ ਕੱਢ ਦਿੱਤਾ ਸੀ।