ਚੰਡੀਗੜ੍ਹ:ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਭੇਜੀ ਗਈ ਚਿੱਠੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕੇਂਦਰੀ ਏਜੰਸੀ ਦੇ ਦਾਅਵਿਆਂ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੰਜਾਬ ਪੁਲਿਸ ਨੇ ਈਡੀ ਵੱਲੋਂ ਭੇਜੇ ਗਏ ਦਸਤਾਵੇਜ਼ਾਂ, ਚੈਟਾਂ ਅਤੇ ਸਕ੍ਰੀਨਸ਼ਾਟਾਂ ਨੂੰ ਪੂਰੀ ਤਰ੍ਹਾਂ ‘ਅਸਪੱਸ਼ਟ ਅਤੇ ਅਧੂਰਾ’ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਅਜਿਹੇ ਅਧੂਰੇ ਰਿਕਾਰਡ ਦੇ ਆਧਾਰ ‘ਤੇ ਦੋਸ਼ਾਂ ਦੀ ਨਿਰਪੱਖ ਅਤੇ ਸਹੀ ਜਾਂਚ ਸੰਭਵ ਹੀ ਨਹੀਂ ਹੈ।
ਪੁਲਿਸ ਹੈੱਡਕੁਆਰਟਰ ‘ਚ ਪੇਸ਼ ਨਹੀਂ ਹੋਇਆ ED ਦਾ ਕੋਈ ਅਧਿਕਾਰੀ
ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ 28 ਅਗਸਤ ਨੂੰ ਈਡੀ ਨੂੰ ਰਸਮੀ ਪੱਤਰ ਲਿਖ ਕੇ ਪੂਰੇ ਮਾਮਲੇ ‘ਤੇ ਸਪੱਸ਼ਟੀਕਰਨ ਮੰਗਿਆ ਸੀ। ਪੁਲਿਸ ਨੇ ਸਾਫ਼ ਹਦਾਇਤ ਕੀਤੀ ਸੀ ਕਿ ਈਡੀ ਦਾ ਕੋਈ ਅਧਿਕਾਰਤ ਅਧਿਕਾਰੀ 1 ਸਤੰਬਰ ਨੂੰ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਸਾਰੇ ਅਸਲ ਦਸਤਾਵੇਜ਼ਾਂ ਅਤੇ ਪੂਰੇ ਰਿਕਾਰਡ ਸਮੇਤ ਨਿੱਜੀ ਤੌਰ ‘ਤੇ ਹਾਜ਼ਰ ਹੋਵੇ। ਹਾਲਾਂਕਿ, ਤੈਅ ਸਮੇਂ ਦੇ ਬਾਵਜੂਦ ਈਡੀ ਵੱਲੋਂ ਰਿਕਾਰਡ ਲੈ ਕੇ ਕੋਈ ਵੀ ਅਧਿਕਾਰੀ ਪੇਸ਼ ਨਹੀਂ ਹੋਇਆ।
ਦਸਤਾਵੇਜ਼ ਪੜ੍ਹਨਯੋਗ ਹੀ ਨਹੀਂ, ਮੈਟਾਡਾਟਾ ਅਤੇ ਮੂਲ ਸਰੋਤ ਦੀ ਮੰਗ
ਪੰਜਾਬ ਪੁਲਿਸ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ:
ਈਡੀ ਵੱਲੋਂ ਭੇਜੇ ਗਏ ਕਈ ਦਸਤਾਵੇਜ਼ ਇੰਨੇ ਧੁੰਦਲੇ ਹਨ ਕਿ ਉਹ ਪੜ੍ਹਨਯੋਗ (legible) ਵੀ ਨਹੀਂ ਹਨ।
ਪੁਲਿਸ ਨੇ ਈਡੀ ਨੂੰ ਵਟਸਐਪ ਚੈਟਾਂ ਦੀਆਂ ਸਾਫ਼ ਕਾਪੀਆਂ, ਮੁਕੰਮਲ ਇਲੈਕਟ੍ਰਾਨਿਕ ਰਿਕਾਰਡ, ਮੈਟਾਡਾਟਾ (Metadata) ਅਤੇ ਅਸਲ ਡਿਜੀਟਲ ਸਰੋਤ ਮੁਹੱਈਆ ਕਰਵਾਉਣ ਲਈ ਕਿਹਾ ਸੀ ਤਾਂ ਜੋ ਤੱਥਾਂ ਦੀ ਸਹੀ ਪੜਤਾਲ ਹੋ ਸਕੇ।
ਬਿਨਾਂ ਪੁਖ਼ਤਾ ਅਤੇ ਪ੍ਰਮਾਣਿਤ ਸਬੂਤਾਂ ਦੇ ਸਿਰਫ਼ ਸਕ੍ਰੀਨਸ਼ਾਟਾਂ ਦੇ ਆਧਾਰ ‘ਤੇ ਕਾਰਵਾਈ ਕਰਨਾ ਕਾਨੂੰਨੀ ਤੌਰ ‘ਤੇ ਉਚਿਤ ਨਹੀਂ ਹੈ।
