2027 ਲਈ ਭਾਜਪਾ ਦਾ ਮਾਸਟਰਸਟ੍ਰੋਕ! ਪੇਂਡੂ ਖੇਤਰਾਂ ’ਚ ਵਿਰੋਧੀਆਂ ਦਾ ਤੋੜਿਆ ਜਾਵੇਗਾ ਕਿਲ੍ਹਾ ,ਭਾਜਪਾ ਖਿਲਾਫ ਨੇਰੈਟਿਵ ਤੋੜਨ ਲਈ ਕਰਨਗੇ ਹੋਬੀ ਧਾਲੀਵਾਲ ਕੰਮ !

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਵੱਡਾ ਭੂਚਾਲ ਆਉਣ ਦੇ ਸੰਕੇਤ ਮਿਲ ਰਹੇ ਹਨ! ਸੂਬੇ ਵਿੱਚ ਭਾਜਪਾ ਦੀ ਪੈਠ ਬਣਾਉਣ ਲਈ ਹਾਈਕਮਾਨ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਹਰਿਆਣਾ ਦੇ ਚੋਣ ਇੰਜੀਨੀਅਰ ਮੰਨੇ ਜਾਂਦੇ ਸਤੀਸ਼ ਪੂਣੀਆ ਨੂੰ ਪੰਜਾਬ ਦਾ ਪ੍ਰਭਾਰੀ ਬਣਾ ਕੇ ਭਾਜਪਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਹਲਕੇ ਵਿੱਚ ਨਹੀਂ ਲੈ ਰਹੀ। ਪਰ ਸਭ ਤੋਂ ਵੱਡਾ ਧਮਾਕਾ ਪੇਂਡੂ ਖੇਤਰਾਂ ਵਿੱਚ ਭਾਜਪਾ ਖ਼ਿਲਾਫ਼ ਬਣਾਏ ਗਏ ਨੈਰੇਟਿਵ ਨੂੰ ਲੈ ਕੇ ਹੋਇਆ ਹੈ, ਜਿੱਥੇ ਹੁਣ ਪੰਜਾਬੀ ਫ਼ਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਹੋਬੀ ਧਾਲੀਵਾਲ ਸਿੱਧੀ ਟੱਕਰ ਲੈਣ ਲਈ ਮੈਦਾਨ ਵਿੱਚ ਕੁੱਦ ਚੁੱਕੇ ਹਨ! 
“ਭਾਜਪਾ ਨੇ ਆਖ਼ਰ ਤੁਹਾਡਾ ਕੀ ਮਾੜਾ ਕੀਤਾ?” — ਹੋਬੀ ਧਾਲੀਵਾਲ ਦੇ ਤਿੱਖੇ ਤੇਵਰ
ਆਪਣੇ ਬੇਬਾਕ ਅਤੇ ਬੇਲਾਗ ਕਿਰਦਾਰ ਲਈ ਜਾਣੇ ਜਾਂਦੇ ਹੋਬੀ ਧਾਲੀਵਾਲ ਨੇ ਵਿਰੋਧੀ ਧਿਰਾਂ ਵੱਲੋਂ ਖੜ੍ਹੇ ਕੀਤੇ ਗਏ ਭਰਮ-ਜਾਲ ਨੂੰ ਤਾਰ-ਤਾਰ ਕਰਨ ਦਾ ਐਲਾਨ ਕਰ ਦਿੱਤਾ ਹੈ। 2027 ਦੇ ਰਣ ਲਈ ਹੂੰਗਾਰਾ ਭਰਦਿਆਂ ਉਹਨਾਂ ਗਰਜਵੇਂ ਅੰਦਾਜ਼ ਵਿੱਚ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਲੋਕਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਪੁੱਛਣਗੇ— “ਦੱਸੋ ਭਾਈ, ਭਾਜਪਾ ਨੇ ਆਖ਼ਰ ਪੰਜਾਬ ਦਾ ਅਜਿਹਾ ਕੀ ਮਾੜਾ ਕੀਤਾ ਹੈ?”


ਹੋਬੀ ਧਾਲੀਵਾਲ ਨੇ ਦੋ-ਟੂਕ ਕਿਹਾ ਕਿ ਭਾਜਪਾ ਨੇ ਕਦੇ ਵੀ ਪੰਜਾਬ ਬਾਰੇ ਮਾੜਾ ਨਹੀਂ ਸੋਚਿਆ, ਪਰ ਵਿਰੋਧੀਆਂ ਨੇ ਸਿਆਸੀ ਰੋਟੀਆਂ ਸੇਕਣ ਲਈ ਸੂਬੇ ਦੇ ਲੋਕਾਂ ਨੂੰ ਭਰਮਾਇਆ ਹੈ। ਉਹਨਾਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਪੰਜਾਬ ਦੇ ਆਰਥਿਕ ਹਾਲਾਤ ਇਸ ਵੇਲੇ ਵੈਂਟੀਲੇਟਰ ‘ਤੇ ਹਨ ਅਤੇ ਕੇਂਦਰ ਦੀ ਵੱਡੀ ਇਮਦਾਦ ਤੋਂ ਬਿਨਾਂ ਪੰਜਾਬ ਨੂੰ ਇਸ ਆਰਥਿਕ ਦਲਦਲ ਵਿੱਚੋਂ ਕੱਢਣਾ ਅਸੰਭਵ ਹੈ।
ਟਿਕਟ ਦੀ ਭੁੱਖ ਨਹੀਂ, ਮਿਸ਼ਨ ਸਿਰਫ਼ ਪੰਜਾਬ!
ਚੋਣ ਲੜਨ ਦੇ ਸਵਾਲ ‘ਤੇ ਹੋਬੀ ਧਾਲੀਵਾਲ ਨੇ ਸਾਫ਼ ਕਰ ਦਿੱਤਾ ਕਿ ਉਹਨਾਂ ਦੀ ਇੱਛਾ ਚੋਣ ਲੜਨ ਦੀ ਜ਼ਰੂਰ ਹੈ, ਪਰ ਉਹ ਕਿਸੇ ਅਹੁਦੇ ਦੇ ਭੁੱਖੇ ਨਹੀਂ ਹਨ। ਟਿਕਟ ਦੇਣਾ ਜਾਂ ਨਾ ਦੇਣਾ ਪਾਰਟੀ ਹਾਈਕਮਾਨ ਦਾ ਫ਼ੈਸਲਾ ਹੋਵੇਗਾ, ਪਰ ਉਹ ਪੰਜਾਬ ਭਰ ਵਿੱਚ ਭਾਜਪਾ ਲਈ ਧੂੰਆਂਧਾਰ ਅਤੇ ਗੱਜ-ਵੱਜ ਕੇ ਚੋਣ ਪ੍ਰਚਾਰ ਕਰਨਗੇ।
ਪਿੰਡਾਂ ਵਿੱਚ ਸੰਨ੍ਹ ਲਾਉਣ ਦੀ ਪੂਰੀ ਤਿਆਰੀ, ਵਿਰੋਧੀਆਂ ਦੀਆਂ ਵਧੀਆਂ ਧੜਕਣਾਂ!


ਸਿਆਸੀ ਮਾਹਿਰਾਂ ਮੁਤਾਬਕ, ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਸ਼ਹਿਰੀ ਵੋਟਰਾਂ ਵਿੱਚ ਭਾਜਪਾ ਆਪਣਾ ਆਧਾਰ ਮਜ਼ਬੂਤ ਕਰ ਚੁੱਕੀ ਹੈ, ਪਰ ਕਿਸਾਨੀ ਅੰਦੋਲਨ ਅਤੇ ਸੰਘਵਾਦ ਦੇ ਨਾਂ ‘ਤੇ ਪੇਂਡੂ ਹਲਕਿਆਂ ਵਿੱਚ ਬਣਾਇਆ ਗਿਆ ਵਿਰੋਧੀ ਮਾਹੌਲ ਪਾਰਟੀ ਲਈ ਵੱਡੀ ਰੁਕਾਵਟ ਸੀ। ਹੁਣ ਜਦੋਂ ਜ਼ਮੀਨੀ ਪੱਧਰ ‘ਤੇ ਮਕਬੂਲ ਅਤੇ ਕਿਸਾਨੀ ਪਿਛੋਕੜ ਨਾਲ ਜੁੜੇ ਹੋਬੀ ਧਾਲੀਵਾਲ ਵਰਗੇ ਚਿਹਰੇ ਪੇਂਡੂ ਵੋਟਰਾਂ ਦੇ ਸਨਮੁੱਖ ਹੋਣਗੇ, ਤਾਂ ਵਿਰੋਧੀਆਂ ਵੱਲੋਂ ਸਾਲਾਂ ਤੋਂ ਖੜ੍ਹਾ ਕੀਤਾ ਗਿਆ ‘ਕਿਲ੍ਹਾ’ ਢਹਿ-ਢੇਰੀ ਹੋ ਸਕਦਾ ਹੈ। ਜੇਕਰ ਭਾਜਪਾ ਇਸ ਨੈਰੇਟਿਵ ਨੂੰ ਤੋੜਨ ਵਿੱਚ ਕਾਮਯਾਬ ਹੋ ਜਾਂਦੀ ਹੈ, ਤਾਂ 2027 ਦੇ ਨਤੀਜੇ ਸੂਬੇ ਦੀ ਪੂਰੀ ਸਿਆਸੀ ਤਸਵੀਰ ਬਦਲ ਕੇ ਰੱਖ ਦੇਣਗੇ!

Spread the love

Leave a Reply

Your email address will not be published. Required fields are marked *