ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਆਤਿਸ਼ਬਾਜ਼ੀ ਸਬੰਧੀ ਮਨਾਹੀ ਦੇ ਹੁਕਮ ਜਾਰੀ

ਦੀਵਾਲੀ, ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ ਨਿਯਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਨਹੀਂ ਚਲਾਏ ਜਾ ਸਕਣਗੇ ਪਟਾਕੇ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਅਕਤੂਬਰ:
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਕੋਮਲ ਮਿੱਤਲ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਦੀਵਾਲੀ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਆਰੰਭ ਮੌਕੇ ਆਤਿਸ਼ਬਾਜ਼ੀ ਦੀ ਵਰਤੋਂ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜਨਤਕ ਹਿੱਤ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ (ਬੀ ਐਨ ਐਨ ਐਸ) ਦੀ ਧਾਰਾ 163 ਅਧੀਨ ਜਾਰੀ ਕੀਤੇ ਗਏ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਹ ਨਿਰਦੇਸ਼ ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ 18 ਸਤੰਬਰ 2025 ਨੂੰ ਜਾਰੀ ਕੀਤੀਆਂ ਵਿਸਤ੍ਰਤ ਹਦਾਇਤਾਂ ਦੇ ਅਨੁਸਾਰ ਹਨ।

ਉਨ੍ਹਾਂ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਵਪਾਰੀਆਂ ਵੱਲੋਂ ਪਟਾਕਿਆਂ ਦੀ ਖਰੀਦ, ਵਿਕਰੀ ਅਤੇ ਸਟੋਰੇਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸ ਲਈ ਸਰਕਾਰ ਵੱਲੋਂ ਨਿਰਧਾਰਤ ਸਾਰੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਲਾਜ਼ਮੀ ਹੈ।ਮਨਾਹੀ ਅਤੇ ਆਗਿਆ ਸਬੰਧੀ ਹਦਾਇਤਾਂ ਵਿੱਚ
ਲੜੀਵਾਰ ਪਟਾਕਿਆਂ (ਸੀਰੀਜ਼ ਜਾਂ ਲਾਰੀਆਂ) ਦੇ ਨਿਰਮਾਣ, ਸਟੋਰੇਜ, ਵੰਡ, ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਰਹੇਗੀ। ਸਿਰਫ਼ ਹਰੇ ਪਟਾਖੇ — ਜੋ ਬੇਰੀਅਮ ਸਾਲਟ, ਐਂਟੀਮੈਨੀ, ਲਿਥੀਅਮ, ਪਾਰਾ, ਆਰਸੈਨਿਕ, ਲੀਡ ਜਾਂ ਸਟ੍ਰੋਂਟੀਅਮ ਕ੍ਰੋਮੇਟ ਵਰਗੇ ਰਸਾਇਣਾਂ ਦੀ ਵਰਤੋਂ ਨਹੀਂ ਕਰਦੇ — ਹੀ ਵਿਕਰੀ ਅਤੇ ਵਰਤੋਂ ਲਈ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ ਕੇਵਲ ਲਾਇਸੰਸਸ਼ੁਦਾ ਵਿਕਰੇਤਾ ਹੀ ਮਨਜ਼ੂਰਸ਼ੁਦਾ ਪਟਾਖੇ ਵੇਚ ਸਕਣਗੇ।
ਜ਼ਿਲ੍ਹੇ ਵਿੱਚ ਪਟਾਕੇ ਚਲਾਉਣ ਲਈ ਨਿਰਧਾਰਤ ਸਮੇਂ ਬਾਰੇ ਇਨ੍ਹਾਂ ਆਦੇਸ਼ਾਂ ਅਨੁਸਾਰ ਦੀਵਾਲੀ ਮੌਕੇ (20 ਅਕਤੂਬਰ): ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ (5 ਨਵੰਬਰ): ਸਵੇਰੇ 4 ਤੋਂ 5 ਵਜੇ ਅਤੇ ਸ਼ਾਮ 9 ਤੋਂ 10 ਵਜੇ ਤੱਕ, ਕ੍ਰਿਸਮਿਸ ਮੌਕੇ (25 ਅਤੇ 26 ਦਸੰਬਰ): ਰਾਤ 11:55 ਤੋਂ 12:30 ਵਜੇ ਤੱਕ, ਨਵੇਂ ਸਾਲ ਮੌਕੇ (31 ਦਸੰਬਰ – 1 ਜਨਵਰੀ): ਰਾਤ 11:55 ਤੋਂ 12:30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ।
ਜ਼ਿਲ੍ਹਾ ਮੈਜਿਟ੍ਰੇਟ ਦੇ ਹੋਰ ਨਿਰਦੇਸ਼ਾਂ ਚ ਕਮਿਊਨਿਟੀ ਫਾਇਰ ਕਰੈਕਿੰਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇਸ ਲਈ ਵਿਸ਼ੇਸ਼ ਖੇਤਰਾਂ ਦੀ ਪਛਾਣ ਪਹਿਲਾਂ ਤੋਂ ਕੀਤੀ ਜਾਵੇਗੀ। ਈ-ਕਾਮਰਸ ਵੈਬਸਾਈਟਾਂ (ਜਿਵੇਂ ਕਿ ਫਲਿਪਕਾਰਟ, ਐਮਾਜ਼ਨ ਆਦਿ) ਦੁਆਰਾ ਪਟਾਖਿਆਂ ਦੀ ਆਨਲਾਈਨ ਵਿਕਰੀ ਦੀ ਮਨਾਹੀ ਹੋਵੇਗੀ। ਪੁਲਿਸ ਅਤੇ ਪ੍ਰਦੂਸ਼ਣ ਵਿਭਾਗ ਵੱਲੋਂ ਨਿਰਦੇਸ਼ਾਂ ਦੀ ਸਖ਼ਤ ਪਾਲਣਾ ਯਕੀਨੀ ਬਣਾਈ ਜਾਵੇਗੀ।
ਕੇਵਲ ਮਨਜ਼ੂਰਸ਼ੁਦਾ ਸਮੇਂ ਤੇ ਅਤੇ ਸਥਾਨਾਂ ‘ਤੇ ਹੀ ਹਰੇ ਪਟਾਖੇ ਚਲਾਏ ਜਾ ਸਕਣਗੇ।
ਨਿਗਰਾਨੀ ਅਤੇ ਕਾਰਵਾਈ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੁਣੇ ਹੋਏ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਦੀ ਮੋਨੀਟੋਰਿੰਗ ਕੀਤੀ ਜਾਵੇਗੀ। ਉਦਯੋਗ ਅਤੇ ਵਣਜ ਵਿਭਾਗ ਦੇ ਐਕਸਪਲੋਜ਼ਿਵ ਨਿਯਮਾਂ, 2008 ਤਹਿਤ ਨਿਰਪੱਖ ਅਤੇ ਨਿਆਂਪੂਰਨ ਕਾਰਵਾਈ ਕੀਤੀ ਜਾਵੇਗੀ। ਐਂਬੀਐਂਟ ਏਅਰ ਕੁਆਲਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਸਾਵਧਾਨੀ ਬਰਤੀ ਜਾਵੇਗੀ। ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵਾਤਾਵਰਣ (ਸੁਰੱਖਿਆ) ਐਕਟ, 1986 ਦੀ ਧਾਰਾ 15 ਅਧੀਨ ਤੁਰੰਤ ਦੰਡਾਤਮਕ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੀ ਐਨ ਐਨ ਐਸ ਦੀਆਂ ਸਬੰਧਤ ਧਾਰਾਵਾਂ ਤਹਿਤ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਹੁਕਮ 1 ਅਕਤੂਬਰ 2025 ਤੋਂ 2 ਜਨਵਰੀ 2026 ਤੱਕ ਲਾਗੂ ਰਹੇਗਾ।

Spread the love

Leave a Reply

Your email address will not be published. Required fields are marked *