ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਲਈ ਇੱਕ ਦੁਖਦਾਈ ਖ਼ਬਰ ਹੈ ਕਿ ਮਸ਼ਹੂਰ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਸਿਰਫ਼ 35 ਸਾਲ ਦੀ ਛੋਟੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਬੁੱਧਵਾਰ, 8 ਅਕਤੂਬਰ ਨੂੰ ਸਵੇਰੇ 10.50 ਵਜੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਤੁਰ ਜਾਣ ਨਾਲ ਪੂਰੇ ਪੰਜਾਬ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਰਾਜਵੀਰ ਜਵੰਦਾ ਦਾ ਜਨਮ ਲੁਧਿਆਣਾ ਦੇ ਪੌਣਾ ਪਿੰਡ ਵਿੱਚ ਹੋਇਆ ਸੀ।
ਸਿੱਖਿਆ ਅਤੇ ਗਾਇਕੀ ਵੱਲ ਰੁਝਾਨ
ਰਾਜਵੀਰ ਜਵੰਦਾ ਨੇ ਆਪਣੀ ਸਕੂਲੀ ਪੜ੍ਹਾਈ ਜਗਰਾਉਂ ਦੇ ਸਨਮਤੀ ਵਿਮਲ ਜੈਨ ਸਕੂਲ ਤੋਂ ਕੀਤੀ ਅਤੇ ਫਿਰ ਡੀ.ਏ.ਵੀ. ਕਾਲਜ ਜਗਰਾਉਂ ਤੋਂ ਗ੍ਰੈਜੂਏਸ਼ਨ ਕੀਤੀ। ਗਾਇਕੀ ਦੇ ਸ਼ੌਕ ਕਾਰਨ ਉਹ ਪਟਿਆਲਾ ਗਏ, ਜਿੱਥੇ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਥੀਏਟਰ ਅਤੇ ਟੈਲੀਵਿਜ਼ਨ ਵਿੱਚ ਐਮ.ਏ. ਦੀ ਡਿਗਰੀ ਹਾਸਲ ਕੀਤੀ।
ਛੋਟੀ ਉਮਰ ਵਿੱਚ ਹੀ ਗਾਉਣ ਦੇ ਸ਼ੌਕੀਨ, ਰਾਜਵੀਰ ਦੀ ਗਾਇਕੀ ਨੂੰ ਦੂਰਦਰਸ਼ਨ ਦੀ ਟੀਮ ਨੇ ਪਹਿਲੀ ਵਾਰ ਤਾਰੀਫ਼ਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਰਿਆਜ਼ ਕਰਨਾ ਸ਼ੁਰੂ ਕਰ ਦਿੱਤਾ।
ਪੰਜਾਬ ਪੁਲਿਸ ਦੀ ਨੌਕਰੀ ਅਤੇ ਸੰਗੀਤ ਲਈ ਕੁਰਬਾਨੀ
ਰਾਜਵੀਰ ਦੇ ਪਿਤਾ ਕਰਮ ਸਿੰਘ ਖੁਦ ਪੰਜਾਬ ਪੁਲਿਸ ਵਿੱਚ ਅਸਿਸਟੈਂਟ ਸਬ ਇੰਸਪੈਕਟਰ (ਏ.ਐਸ.ਆਈ.) ਸਨ। ਇਸੇ ਕਰਕੇ ਰਾਜਵੀਰ ਦਾ ਰੁਝਾਨ ਵੀ ਪੁਲਿਸ ਵੱਲ ਹੋਇਆ ਅਤੇ ਉਹ ਸਾਲ 2011 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਏ। ਉਨ੍ਹਾਂ ਨੇ ਜਗਰਾਉਂ ਵਿੱਚ ਡਿਊਟੀ ਵੀ ਕੀਤੀ।
ਪੁਲਿਸ ਦੀ ਨੌਕਰੀ ਦੌਰਾਨ ਵੀ ਗਾਇਕੀ ਦਾ ਸ਼ੌਕ ਕਾਇਮ ਰਿਹਾ। ਲਗਭਗ 8 ਸਾਲ ਬਾਅਦ, 2019 ਵਿੱਚ, ਜਦੋਂ ਉਨ੍ਹਾਂ ਨੂੰ ਲੱਗਾ ਕਿ ਗਾਇਕੀ ਵਿੱਚ ਸਫ਼ਲਤਾ ਦਾ ਰਾਹ ਖੁੱਲ੍ਹ ਗਿਆ ਹੈ, ਤਾਂ ਉਨ੍ਹਾਂ ਨੇ ਆਪਣੇ ਇਸ ਜਨੂੰਨ ਲਈ ਪੁਲਿਸ ਦੀ ਨੌਕਰੀ ਛੱਡ ਦਿੱਤੀ।
ਸੰਗੀਤ ਅਤੇ ਅਦਾਕਾਰੀ ਦਾ ਸਫ਼ਰ
ਰਾਜਵੀਰ ਜਵੰਦਾ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਵੱਡੀ ਪਛਾਣ ਸਾਲ 2016 ਵਿੱਚ ਮਿਲੀ, ਜਦੋਂ ਉਨ੍ਹਾਂ ਦੀ ਐਲਬਮ ‘ਕਲੀ ਜਵੰਦੇ ਦੀ’ ਰਿਲੀਜ਼ ਹੋਈ। ਇਸ ਤੋਂ ਬਾਅਦ ਉਨ੍ਹਾਂ ਦਾ ਗਾਣਾ ‘ਮੁਕਾਬਲਾ’ 2017 ਵਿੱਚ ਹਿੱਟ ਹੋਇਆ। ਉਨ੍ਹਾਂ ਦੇ ਕਈ ਹਿੱਟ ਗੀਤ ਜਿਵੇਂ ਕਿ ‘ਪਟਿਆਲਾ ਸ਼ਾਹੀ ਪੱਗ’, ‘ਕੇਸਰੀ ਝੰਡੇ’, ‘ਸ਼ੌਕੀਨ’, ‘ਲੈਂਡਲਾਰਡ’, ਅਤੇ ‘ਸਰਨੇਮ’ ਨੇ ਉਨ੍ਹਾਂ ਨੂੰ ਸਫ਼ਲ ਗਾਇਕਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ। ਸਾਲ 2017 ਵਿੱਚ ਮਾਹੀ ਸ਼ਰਮਾ ਨਾਲ ਉਨ੍ਹਾਂ ਦਾ ਗਾਣਾ ‘ਕੰਗਣੀ’ ਬੇਹੱਦ ਮਸ਼ਹੂਰ ਹੋਇਆ।
ਗਾਇਕੀ ਵਿੱਚ ਸਫਲਤਾ ਹਾਸਲ ਕਰਨ ਤੋਂ ਬਾਅਦ, ਰਾਜਵੀਰ ਨੇ ਅਦਾਕਾਰੀ ਵਿੱਚ ਵੀ ਆਪਣਾ ਹੱਥ ਅਜਮਾਇਆ। ਉਨ੍ਹਾਂ ਨੇ ਸਾਲ 2018 ਵਿੱਚ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਨਾਲ ਡੈਬਿਊ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸਿਪਾਹੀ ਬਹਾਦੁਰ ਸਿੰਘ ਦਾ ਕਿਰਦਾਰ ਨਿਭਾਇਆ। ਇਸ ਤੋਂ ਇਲਾਵਾ, ਉਹ ‘ਕਾਕਾ ਜੀ’, ‘ਜ਼ਿੰਦ ਜਾਨ’, ‘ਮਿੰਦੋ ਤਹਿਸੀਲਦਾਰਨੀ’, ‘ਸਿਕੰਦਰ-2’ ਸਮੇਤ ਕਈ ਫ਼ਿਲਮਾਂ ਵਿੱਚ ਨਜ਼ਰ ਆਏ।
ਨਿੱਜੀ ਜ਼ਿੰਦਗੀ
ਰਾਜਵੀਰ ਜਵੰਦਾ ਆਪਣੇ ਪਿੱਛੇ ਪਤਨੀ ਅਸ਼ਵਿੰਦਰ ਕੌਰ ਅਤੇ ਦੋ ਬੱਚੇ – ਧੀ ਹੇਮੰਤ ਕੌਰ ਅਤੇ ਪੁੱਤਰ ਦਿਲਾਵਰ ਸਿੰਘ ਛੱਡ ਗਏ ਹਨ। ਉਨ੍ਹਾਂ ਦੇ ਦਾਦਾ ਸੌਦਾਗਰ ਸਿੰਘ ਅਤੇ ਪਿਤਾ ਕਰਮ ਸਿੰਘ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਉਨ੍ਹਾਂ ਦੀ ਦਾਦੀ ਸੁਰਜੀਤ ਕੌਰ ਅਤੇ ਸਾਬਕਾ ਸਰਪੰਚ ਮਾਂ ਪਰਮਜੀਤ ਕੌਰ ਉਨ੍ਹਾਂ ਨਾਲ ਹੀ ਰਹਿੰਦੇ ਸਨ। ਉਨ੍ਹਾਂ ਦੀ ਇੱਕ ਭੈਣ ਵੀ ਹੈ, ਜਿਸਦਾ ਨਾਮ ਕਮਲਜੀਤ ਕੌਰ ਹੈ।
ਜ਼ਿਕਰਯੋਗ ਹੈ ਕਿ 27 ਸਤੰਬਰ ਨੂੰ ਪਿੰਜੌਰ ਵਿੱਚ ਹੋਏ ਇੱਕ ਹਾਦਸੇ ਦੌਰਾਨ ਉਹ ਜ਼ਖ਼ਮੀ ਹੋਏ ਸਨ। ਇਸ ਤੋਂ ਇਲਾਵਾ, ਕਿਸਾਨ ਅੰਦੋਲਨ ਦੌਰਾਨ ਪਰਫਾਰਮੈਂਸ ਦਿੰਦੇ ਸਮੇਂ ਉਨ੍ਹਾਂ ਨੂੰ ਆਪਣੇ ਪਿਤਾ ਦੇ ਦੇਹਾਂਤ ਦੀ ਖ਼ਬਰ ਮਿਲੀ ਸੀ, ਪਰ ਉਨ੍ਹਾਂ ਨੇ ਪਹਿਲਾਂ ਸਟੇਜ ‘ਤੇ ਗਾਇਕੀ ਪੂਰੀ ਕੀਤੀ ਅਤੇ ਫਿਰ ਅੰਤਿਮ ਸੰਸਕਾਰ ਲਈ ਘਰ ਰਵਾਨਾ ਹੋਏ। ਉਨ੍ਹਾਂ ਦੇ ਗਾਣਿਆਂ ਵਿੱਚ ਕਦੇ ਵੀ ਕੋਈ ਅਸ਼ਲੀਲਤਾ ਜਾਂ ਲੱਚਰਤਾ ਨਹੀਂ ਦਿਖੀ, ਜਿਸ ਕਾਰਨ ਉਹ ਇੱਕ ਸਾਫ਼-ਸੁਥਰੀ ਕਲਾਕਾਰ ਵਜੋਂ ਜਾਣੇ ਜਾਂਦੇ ਸਨ।
ਰਾਜਵੀਰ ਜਵੰਦਾ ਨੇ ਬੇਸ਼ੱਕ ਘੱਟ ਸਮੇਂ ਵਿੱਚ ਵੱਡਾ ਮੁਕਾਮ ਹਾਸਲ ਕੀਤਾ, ਪਰ ਉਨ੍ਹਾਂ ਦੀ ਅਮਿੱਟ ਛਾਪ ਪੰਜਾਬੀ ਕਲਾ ਜਗਤ ਵਿੱਚ ਹਮੇਸ਼ਾ ਕਾਇਮ ਰਹੇਗੀ।
