ਚੰਡੀਗੜ੍ਹ: ਹਰਿਆਣਾ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਮਾਮਲੇ ਨੇ ਸਿਆਸੀ ਰੰਗਤ ਲੈ ਲਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਚੰਡੀਗੜ੍ਹ ਵਿਖੇ ਮ੍ਰਿਤਕ ਅਧਿਕਾਰੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਇਸ ਘਟਨਾ ਨੂੰ ‘ਖੁਦਕੁਸ਼ੀ ਨਹੀਂ, ਬਲਕਿ ਸ਼ਹਾਦਤ’ ਦੱਸਿਆ।
‘ਇਹ ਸ਼ਹਾਦਤ ਹੈ, ਮਨੂਵਾਦੀ ਸੋਚ ਸਾਹਮਣੇ ਆਈ’
ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਆਈ.ਪੀ.ਐਸ. ਅਧਿਕਾਰੀ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ, ਜੋ ਭਾਜਪਾ-ਆਰ.ਐਸ.ਐਸ. ਦੀ ਮਨੂਵਾਦੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸਰਕਾਰ ਵੱਲੋਂ ਕਿਸਾਨਾਂ ‘ਤੇ ਗੋਲੀ ਚਲਾਉਣ ਲਈ ਕਿਹਾ ਗਿਆ ਸੀ, ਤਾਂ ਪੂਰਨ ਕੁਮਾਰ ਨੇ ਇਨਕਾਰ ਕਰ ਦਿੱਤਾ ਸੀ।
ਸਾਬਕਾ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਵਾਈ. ਪੂਰਨ ਕੁਮਾਰ ਦਾ ਸੁਸਾਈਡ ਨਹੀਂ, ਇਹ ਸ਼ਹੀਦ ਹੈ, ਜੋ ਦਲਿਤਾਂ ਲਈ ਲੜ ਕੇ ਮਰੇ ਹਨ। ਆਰ.ਐਸ.ਐਸ. ਅਤੇ ਭਾਜਪਾ ਸਰਕਾਰਾਂ ਦੀ ਮਨੂਵਾਦੀ ਸੋਚ ਸਾਹਮਣੇ ਆਈ ਹੈ।”
ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਰਿਹਾ
ਚੰਨੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਘਟਨਾ ਨੂੰ ਪੰਜ ਦਿਨ ਬੀਤ ਚੁੱਕੇ ਹਨ, ਪਰ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਾਰਥਿਵ ਸਰੀਰ ਦਾ ਵਾਰ-ਵਾਰ ਨਿਰਾਦਰ ਕੀਤਾ ਜਾ ਰਿਹਾ ਹੈ ਅਤੇ ਪਰਿਵਾਰ ਨੂੰ ਅੱਜ ਤੱਕ ਸ਼ਰ੍ਹੇਆਮ ਮ੍ਰਿਤਕ ਦੇਹ ਦੇ ਦਰਸ਼ਨ ਨਹੀਂ ਕਰਨ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਅਧਿਕਾਰੀ ਅਤੇ ਮੰਤਰੀ ਲਗਾਤਾਰ ਆ ਰਹੇ ਹਨ ਅਤੇ ਪਰਿਵਾਰ ਨੂੰ ਹਰ ਤਰ੍ਹਾਂ ਨਾਲ ਦਬਾਇਆ ਜਾ ਰਿਹਾ ਹੈ। ਪਰਿਵਾਰ ਦੀ ਮੁੱਖ ਮੰਗ ਹੈ ਕਿ ਜਿਨ੍ਹਾਂ ਨੇ ਅਧਿਕਾਰੀ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ, ਉਨ੍ਹਾਂ ‘ਤੇ ਮਾਮਲਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਤਬਾਦਲਾ ਸਜ਼ਾ ਨਹੀਂ
ਰੋਹਤਕ ਦੇ ਐਸ.ਪੀ. ਦੇ ਤਬਾਦਲੇ ‘ਤੇ ਬੋਲਦਿਆਂ ਚੰਨੀ ਨੇ ਕਿਹਾ ਕਿ ਤਬਾਦਲੇ ਤਾਂ ਰੋਜ਼ ਹੁੰਦੇ ਰਹਿੰਦੇ ਹਨ, ਇਹ ਕੋਈ ਸਜ਼ਾ ਨਹੀਂ ਹੈ।
ਉਨ੍ਹਾਂ ਅੰਤ ਵਿੱਚ ਕਿਹਾ, “ਇਹ ਸ਼ਹੀਦ ਹੋਇਆ ਹੈ, ਗਰੀਬ ਲੋਕਾਂ ਲਈ ਲੜਾਈ ਲੜੀ ਹੈ ਅਤੇ ਅੰਬੇਡਕਰ ਦੀ ਸੋਚ ਨੂੰ ਅੱਗੇ ਵਧਾਇਆ ਹੈ। ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਅਸੀਂ ਸਾਰੇ ਉਨ੍ਹਾਂ ਦੇ ਨਾਲ ਖੜ੍ਹੇ ਹਾਂ।”
ਇਸ ਮਾਮਲੇ ਨੇ ਹਰਿਆਣਾ ਅਤੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ, ਜਿੱਥੇ ਦਲਿਤ ਅਧਿਕਾਰੀਆਂ ਨਾਲ ਕਥਿਤ ਵਿਤਕਰੇ ਦਾ ਮੁੱਦਾ ਭਖ ਗਿਆ ਹੈ।
ਚੰਨੀ ਵੱਲੋਂ Y. ਪੂਰਨ ਕੁਮਾਰ ਦੀ ਮੌਤ ਨੂੰ ‘ਖ਼ੁਦਕੁਸ਼ੀ ਨਹੀਂ, ਸ਼ਹਾਦਤ’ ਕਰਾਰ