ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਹਰਿਆਣਾ ਦੇ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਘਟਨਾ ਨੂੰ ਬੇਹੱਦ ਗਲਤ ਕਰਾਰ ਦਿੰਦਿਆਂ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਇੱਕ ਹੋਣਹਾਰ ਅਫ਼ਸਰ ਗੁਆ ਦਿੱਤਾ ਹੈ।
‘ਇਹ ਕਿਹੋ ਜਿਹਾ ਦੇਸ਼ ਬਣਾ ਰਹੇ ਹਾਂ’
ਮਨੀਸ਼ ਸਿਸੋਦੀਆ ਨੇ ਕਿਹਾ, “ਪੂਰਨ ਕੁਮਾਰ ਵਰਗੇ ਅਫ਼ਸਰ ਨਾਲ ਅਜਿਹਾ ਹੋਣਾ ਬਹੁਤ ਗਲਤ ਹੈ। ਜਿਸ ਤਰ੍ਹਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲਿਜਾਇਆ ਗਿਆ, ਪੁਲਿਸ ਦਾ ਰਵੱਈਆ ਬਹੁਤ ਹੈਰਾਨ ਕਰਨ ਵਾਲਾ ਹੈ।”
ਉਨ੍ਹਾਂ ਸਿੱਧੇ ਤੌਰ ‘ਤੇ ਸਵਾਲ ਕਰਦਿਆਂ ਕਿਹਾ, “ਇੱਕ ਇੰਨੇ ਵੱਡੇ ਆਈ.ਪੀ.ਐਸ. ਅਫ਼ਸਰ ਨੂੰ ਦਲਿਤ ਹੋਣ ਦੀ ਵਜ੍ਹਾ ਕਰਕੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਸੀਂ ਕਿਹੋ ਜਿਹਾ ਦੇਸ਼ ਖੜ੍ਹਾ ਕਰ ਰਹੇ ਹਾਂ?”
ਤੁਰੰਤ ਕਾਰਵਾਈ ਦੀ ਮੰਗ
‘ਆਪ’ ਆਗੂ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਲੋਕ ਸੱਤਾ ਵਿੱਚ ਬੈਠੇ ਲੋਕਾਂ ਤੋਂ ਮਦਦ ਦੀ ਆਸ ਲਗਾ ਕੇ ਬੈਠੇ ਹਨ ਅਤੇ ਇਸ ਲਈ ਜ਼ਰੂਰੀ ਹੈ ਕਿ ਜਾਤ-ਪਾਤ ਦੀ ਰਾਜਨੀਤੀ ਨੂੰ ਭੁਲਾਇਆ ਜਾਵੇ।
ਪਰਿਵਾਰ ਨਾਲ ਖੜ੍ਹੀ ਹੈ ‘ਆਪ’
ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਅੱਜ ਹਰ ਉਸ ਪਰਿਵਾਰ ਦੇ ਨਾਲ ਖੜ੍ਹੀ ਹੈ ਜੋ ਇਨਸਾਫ਼ ਦੀ ਲੜਾਈ ਲੜ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੂਰਨ ਕੁਮਾਰ ਦੇ ਪਰਿਵਾਰ ਨਾਲ ਗੱਲਬਾਤ ਹੋਈ ਹੈ ਅਤੇ ਪਰਿਵਾਰ ਨੂੰ ਸਿਸਟਮ ‘ਤੇ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੂੰ ਜ਼ਰੂਰ ਇਨਸਾਫ਼ ਮਿਲੇਗਾ। ਸਿਸੋਦੀਆ ਨੇ ਕਿਹਾ ਕਿ ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
‘ਦਲਿਤ ਹੋਣ ਕਾਰਨ ਤੰਗ-ਪਰੇਸ਼ਾਨ ਕਰਨਾ ਸ਼ਰਮਨਾਕ’ : ਮਨੀਸ਼ ਸਿਸੋਦੀਆ