ਚੰਡੀਗੜ੍ਹ, 5 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ਦੀ ਫੌਜ ਵੱਲੋਂ ਦਾੜ੍ਹੀ ’ਤੇ ਪਾਬੰਦੀ ਦਾ ਮਾਮਲਾ ਅਮਰੀਕਾ ਸਰਕਾਰ ਕੋਲ ਚੁੱਕਣ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਸਿੱਖ ਬਿਨਾਂ ਕਿਸੇ ਵਿਤਕਰੇ ਦੇ ਆਪਣੇ ਧਰਮ ਦੀ ਪਾਲਣਾ ਕਰ ਸਕਣ।
ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਮਰੀਕੀ ਰੱਖਿਆ ਮੰਤਰੀ ਪੈਟੇ ਹੇਗਸੇਠ ਨੇ ਬਿਆਨ ਦਿੱਤਾ ਹੈ ਕਿ ਜਿਸ ਰਾਹੀਂ ਅਮਰੀਕੀ ਫੌਜ ਵਿਚ ਸੇਵਾਵਾਂ ਦੇਣ ਵਾਸਤੇ ਸਿੱਖਾਂ ਲਈ ਦਾੜ੍ਹੀ ’ਤੇ ਪਾਬੰਦੀ ਲਗਾ ਦਿੱਤੀ ਹੈ ਤੇ ਇਸ ਫੈਸਲੇ ਨਾਲ ਦੁਨੀਆਂ ਭਰ ਵਿਚ ਸਿੱਖਾਂ ਵਿਚ ਭਾਰੀ ਰੋਸ ਹੈ। ਉਹਨਾਂ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਢੁਕਵੇਂ ਪੱਧਰ ’ਤੇ ਚੁੱਕਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਵਿਤਕਰੇ ਵਾਲਾ ਫੈਸਲਾ ਲਾਗੂ ਨਾ ਹੋਵੇ ਅਤੇ ਸਿੱਖਾਂ ਨੂੰ ਪਹਿਲਾਂ ਵਾਂਗੂ ਆਪਣੇ ਧਰਮ ਦੀ ਪਾਲਣਾ ਵਿਚ ਕੋਈ ਮੁਸ਼ਕਿਲ ਨਾ ਆਵੇ।
ਸਰਦਾਰ ਬਾਦਲ ਨੇ ਅਮਰੀਕੀ ਫੌਜ ਵੱਲੋਂ ਸਿੱਖਾਂ ’ਤੇ ਲਾਈ ਪਾਬੰਦੀ ਵੱਲ ਵਿਦੇਸ਼ ਮੰਤਰੀ ਦਾ ਧਿਆਨ ਦੁਆਉਂਦਿਆਂ ਕਿਹਾ ਕਿ ਸਿੱਖਾਂ ਨੇ ਕ੍ਰਿਪਾਨ ਸਮੇਤ ਆਪਣੇ ਪੰਜ ਧਾਰਮਿਕ ਕੱਕਾਰ ਧਾਰਨ ਕਰਨੇ ਹੁੰਦੇ ਹਨ ਜਿਹਨਾਂ ਵਿਚ ਕੇਸ ਅਤੇ ਦਾੜ੍ਹੀ ਵੀ ਸ਼ਾਮਲ ਹੈ। ਉਹਨਾਂ ਅਪੀਲ ਕੀਤੀ ਕਿ ਭਾਰਤ ਸਰਕਾਰ ਇਸ ਸੰਬੰਧ ਵਿਚ ਪਹਿਲਕਦਮੀ ਕਰੇ ਤਾਂ ਜੋ ਮੁਸ਼ਕਿਲ ਹੱਲ ਕੀਤੀ ਜਾ ਸਕੇ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਫੈਸਲਾ ਧਾਰਮਿਕ ਆਜ਼ਾਦੀ ਦੇ ਸਿਧਾਂਤ ਦੇ ਖਿਲਾਫ ਹੈ ਜੋ ਕਿ ਅਮਰੀਕੀ ਲੋਕਤੰਤਰ ਦਾ ਮੁੱਖ ਧੁਰਾ ਹੈ। ਉਹਨਾਂ ਕਿਹਾ ਕਿ ਅਮਰੀਕਾ ਸਰਕਾਰ ਨੇ ਸਪਸ਼ਟ ਤੌਰ ’ਤੇ ਅਮਰੀਕੀ ਫੌਜ ਵਿਚ ਕੰਮ ਕਰਦੇ ਸਿੱਖ ਮੈਂਬਰਾਂ ਦੇ ਹੱਕਾਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਤਹਿਤ ਉਹਨਾਂ ਨੂੰ ਦਸਤਾਰ ਤੇ ਦਾੜ੍ਹੀ ਸਮੇਤ ਧਾਰਮਿਕ ਚਿੰਨ ਧਾਰਨ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ ਤੇ ਇਹ ਫੈਸਲਾ 2010 ਵਿਚ ਦੋ ਸਿੱਖ ਅਫਸਰਾਂ ਕੈਪਟਨ ਸਿਮਰਨਪ੍ਰੀਤ ਸਿੰਘ ਲਾਂਬਾ ਅਤੇ ਡਾ. ਮੇਜਰ ਕਮਲਜੀਤ ਸਿੰਘ ਕਲਸੀ ਵੱਲੋਂ ਕੀਤੀਆਂ ਅਪੀਲਾਂ ਦੇ ਜਵਾਬ ਵਿਚ ਦਿੱਤਾ ਗਿਆ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਦੁਨੀਆਂ ਭਰ ਵਿਚ ਬੈਠੇ ਸਿੱਖ ਹੁਣ ਰੱਖਿਆ ਮੰਤਰੀ ਵੱਲੋਂ ਇਸ ਬਾਰੇ ਦਿੱਤੇ ਬਿਆਨ ਤੋਂ ਰੋਹ ਵਿਚ ਹਨ ਤੇ ਆਸ ਕਰਦੇ ਹਨ ਕਿ ਮਸਲੇ ਦਾ ਹੱਲ ਛੇਤੀ ਲੱਭਿਆ ਜਾਵੇਗਾ।
